ਪੰਜਾਬ

ਕੋਵਿਡ-19 ਵਿਰੁੱਧ ਜੰਗ ਦੌਰਾਨ, ਐਨ.ਜੀ.ਓ ‘ਬੁਲੰਦ ਹੌਂਸਲੇ’ ਨੇ ਪ੍ਰਸ਼ਾਸ਼ਨ ਨੂੰ ਸਪੁਰਦ ਕੀਤੇ 2 ਆਕਸੀਜ਼ਨ ਕੰਸਨਟਰੇਟਰ

ਫ਼ੈਕ੍ਟ ਸਮਾਚਾਰ ਸੇਵਾ
ਲੁਧਿਆਣਾ, ਮਈ 17
ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਜਾਰੀ ਜੰਗ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਲਈ, ਇੱਕ ਸਥਾਨਕ ਐਨ.ਜੀ.ਓ ‘ਬੁਲੰਦ ਹੋਂਸਲੇ’ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ 2 ਆਕਸੀਜ਼ਨ ਕੰਸਨਟਰੇਟਰ ਸਪੁਰਦ ਕੀਤੇ। ਡਿਪਟੀ ਕਮਿਸ਼ਨਰ ਲੁਧਿਆਣਾ  ਵਰਿੰਦਰ ਕੁਮਾਰ ਸ਼ਰਮਾ ਨੇ ਕੰਸਨਟਰੇਟਰ ਪ੍ਰਾਪਤ ਕਰਦਿਆਂ ਐਨ.ਜੀ.ਓ. ਦੇ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ ਜਿਹੜੇ ਇਸ ਔਖੀ ਘੜੀ ਵਿੱਚ ਪ੍ਰਸ਼ਾਸਨ ਨਾਲ ਖੜ੍ਹੇ ਹੋਏ। ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਸਨਟਰੇਟਰ ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਮੁਹੱਈਆ ਕਰਵਾ ਕੇ ਘਰਾਂ ਵਿੱਚ ਇਕਾਂਤਵਾਸ ਰਹਿਣ ਸਮੇਂ ਵੱਡੀ ਸਹਾਇਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਉਪਕਰਣ ਆਕਸੀਜਨ ਸਿਲੰਡਰਾਂ ਦਾ ਬੋਝ ਘਟਾਉਣ ਵਿਚ ਸਹਾਇਤਾ ਕਰਨਗੇ ਕਿਉਂਕਿ ਇਹ ਕੰਸਨਟਰੇਟਰ ਵਾਤਾਵਰਣ ਦੀ ਹਵਾ ਨੂੰ ਖਿੱਚ ਕੇ ਫਿਲਟਰ ਕਰਨ ਤੋਂ ਬਾਅਦ ਆਕਸੀਜਨ ਤਿਆਰ ਕਰਦਾ ਹੈ ਜੋਕਿ ਮਰੀਜਾਂ ਨੂੰ ਨੱਕ ਰਾਹੀਂ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮਾਨਵਤਾ ਦੇ ਹਿੱਤ ਲਈ ਮਹਾਨ ਸੇਵਾ ਹੈ ਕਿਉਂਕਿ ਇਸ ਮਹਾਂਮਾਰੀ ਦੇ ਵਿਰੁੱਧ ਛੇੜੀ ਜੰਗ ਵਿੱਚ ਇੱਕ-ਇੱਕ ਵਿਅਕਤੀ ਵੱਲੋਂ ਪਾਇਆ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਲੋਕਾਂ ਦੇ ਸਰਗਰਮ ਸਮਰਥਨ ਅਤੇ ਸਹਿਯੋਗ ਨਾਲ ਕੋਵਿਡ -19 ਵਿਰੁੱਧ ਜੰਗ ਜਿੱਤੀ ਜਾਵੇਗੀ। ਉਨ੍ਹਾਂ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਭਲਾਈ ਲਈ ਐਨ.ਜੀ.ਓਜ਼ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਰੈਡ ਕਰਾਸ ਦੇ ਸਕੱਤਰ  ਬਲਬੀਰ ਐਰੀ, ਐਨ.ਜੀ.ਓ ਦੇ ਅਹੁਦੇਦਾਰ  ਚਰਨਜੀਤ ਸਿੰਘ ਟੱਕਰ,  ਯਾਦਵਿੰਦਰ ਸਿੰਘ,  ਗਗਨ ਸਰੀਨ ਅਤੇ ਹੋਰ ਵੀ ਮੌਜੂਦ ਸਨ।