ਪੰਜਾਬ

ਕੋਵਿਡ ਫਤਿਹ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਪੰਚਾਂ ਨਾਲ ਕੀਤਾ ਵਰਚੂਅਲ ਸੰਵਾਦ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ  ਮਈ 18
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਸਰਕਾਰ ਵੱਲੋਂ ਐਲਾਣੇ ਪੇਂਡੂ ਕੋਵਿਡ ਫਤਿਹ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਪਿੰਡ ਪੱਧਰ ਤੇ ਲਾਗੂ ਕਰਨ ਲਈ ਰਾਜ ਦੇ ਪਿੰਡਾਂ ਦੇ ਸਰਪੰਚਾਂ ਨਾਂਲ ਵਰਚੂਅਲ ਸੰਵਾਦ ਕੀਤਾ। ਇਸ ਮੌਕੇ ਉਨਾਂ ਨੇ ਪੰਚਾਇਤਾਂ ਨੂੰ ਕੋਵਿਡ ਦੇ ਪਸਾਰ ਨੂੰ ਰੋਕਣ ਲਈ ਮੋਹਰੀ ਭੁਮਿਕਾ ਨਿਭਾਉਣ ਦਾ ਸੱਦਾ ਦਿੱਤਾ। ਇਸ ਸਮਾਗਮ ਵਿਚ ਜ਼ਿਲਾ ਸਦਰ ਮੁਕਾਮ ਤੋਂ ਜੁੜੇ ਜ਼ਿਲੇ ਦੇ ਡਿਪਟੀ ਕਮਿਸ਼ਨਰ  ਹਰੀਸ਼ ਨਾਇਰ ਨੇ ਬਾਅਦ ਵਿਚ ਕਿਹਾ ਕਿ ਜ਼ਿਲੇ ਵਿਚ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਣ ਕੀਤਾ ਕਿ ਜਿਹੜੀਆਂ ਪੰਚਾਇਤਾਂ 100 ਫੀਸਦੀ ਵੈਕਸੀਨੇਸਨ ਕਰਵਾਉਣਗੀਆਂ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਵਿਸੇਸ਼ ਵਿਕਾਸ ਗ੍ਰਾਂਟ ਦਿੱਤੀ ਜਾਵੇਗੀ। ਉਨਾਂ ਨੇ ਇਸ ਮੌਕੇ ਸਰਪੰਚਾਂ-ਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਜਿੰਨਾਂ ਲੋਕਾਂ ਨੂੰ ਕਰੋਨਾ ਦੇ ਲੱਛਣ ਹਨ ਉਨਾਂ ਦੇ ਟੈਸਟ ਕਰਵਾਉਣ ਅਤੇ ਬਾਕੀ ਲੋਕਾਂ ਨੂੰ ਵੈਕਸੀਨ ਲਗਵਾਉਣ। ਉਨਾਂ ਨੇ ਕਿਹਾ ਕਿ ਪਾਜਿਟਿਵ ਆਏ ਲੋਕਾਂ ਦੀ ਪੰਚਾਇਤਾਂ ਮਦਦ ਕਰਨ। ਉਨਾਂ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਂਵੇਗਾ ਅਤੇ ਜੇਕਰ ਕੋਈ ਲੋੜਵੰਦ ਪਰਿਵਾਰ ਨੂੰ ਕਰੋਨਾ ਪਾਜਿਟਿਵ ਹੁੰਦਾ ਹੈ ਤਾਂ ਉਸਨੂੰ ਭੋਜਨ ਦੀ ਕਿੱਟ ਵੀ ਸਰਕਾਰ ਦੇਵੇਗੀ ਤਾਂ ਜੋ ਭੋਜਨ ਪੱਖੋ ਬੇਫਿਕਰ ਹੋ ਕਿ ਇਕਾਂਤਵਾਸ ਰਹਿ ਕੇ ਆਪਣਾ ਇਲਾਜ ਕਰਵਾ ਸਕੇ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਮਰੀਜਾਂ ਦੇ ਇਲਾਜ ਲਈ ਦਵਾਈਆਂ ਅਤੇ ਆਕਸੀਜਨ ਦੇ ਨਾਲ ਨਾਲ ਵੈਕਸੀਨ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੇਂਡੂ ਵਿਕਾਸ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਠਿਕਰੀ ਪਹਿਰੇ ਦੇਣ ਅਤੇ ਲੋਕਾਂ ਨੂੰ ਟੈਸਟਿੰਗ ਲਈ ਪ੍ਰੇਰਿਤ ਕਰਨ। ਸਿਹਤ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਜਲਦੀ ਟੈਸਟ ਹੋ ਜਾਵੇ ਅਤੇ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਕੇਸ ਵਿਗੜਦਾ ਨਹੀਂ ਹੈ ਅਤੇ ਲੋਕ ਆਪਣੇ ਘਰ ਵਿਚ ਹੀ ਰਹਿ ਕੇ ਠੀਕ ਹੋ ਸਕਦੇ ਹਨ। ਪਰ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਹਿਰ ਡਾਕਟਰ ਤੋਂ ਹੀ ਦਵਾਈ ਲੈਣ ਅਤੇ ਆਪਣੇ ਆਪ ਲਈਆਂ ਦਵਾਈਆਂ ਨੁਕਸਾਨ ਕਰਦੀਆਂ ਹਨ। ਉਨਾਂ ਨੇ ਕਿਹਾ ਕਿ ਪੰਚਾਇਤਾਂ ਦੇ ਸਹਿਯੋਗ ਬਿਨਾਂ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ। ਮੁੱਖ ਸਕੱਤਰ ਪੰਜਾਬ ਵਿਨੀ ਮਹਾਜਨ ਨੇ ਸਰਕਾਰ ਵੱਲੋਂ ਕੋਵਿਡ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲੇ ਪੰਚਾਇਤਾਂ ਨਾਲ ਸਾਂਝੇ ਕੀਤੇ। ਡਾ: ਕੇਕੇ ਤਲਵਾਰ ਨੇ ਇਸ ਪ੍ਰੋਗਰਾਮ ਦੀ ਪੂਰੀ ਰੂਪਰੇਖਾ ਪੰਚਾਇਤਾਂ ਨਾਲ ਸਾਂਝੀ ਕੀਤੀ। ਸੀਮਾ ਜੈਨ ਵਿੱਤ ਕਮਿਸ਼ਨਰ ਪੇਭਡੂ ਵਿਕਾਸ ਵਿਭਾਗ ਨੇ ਸਭ ਨੂੰ ਜੀਆਇਆਂ ਨੂੰ ਕਿਹਾ। ਓਧਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਕੋਵਿਡ ਦੇ ਪ੍ਰਬੰਧਨ ਲਈ ਸਾਰੇ ਵਿਭਾਗਾਂ ਨੂੰ ਪਹਿਲਾਂ ਹੀ ਮੁਸਤੈਦੀ ਨਾਲ ਕੰਮ ਕਰਨ ਲਈ ਪਾਬੰਦ ਕਰ ਦਿੱਤਾ ਗਿਆ ਹੈ। ਉਨਾਂ ਨੇ ਲੋਕਾਂ ਨੂੰ ਕੋਵਿਡ ਦੇ ਲੱਛਣ ਹੋਣ ਤੇ ਬਿਨਾਂ ਦੇਰੀ ਟੈਸਟ ਕਰਵਾਉਣ ਦੀ ਅਪੀਲ ਕੀਤੀ। ਫਾਜ਼ਿਲਕਾ ਜ਼ਿਲੇ ਵਿਚ ਤਿੰਨ ਦਰਜਨ ਤੋਂ ਵਧੇਰੇ ਥਾਂਵਾਂ ਤੋਂ ਸਰਪੰਚਾਂ ਨੇ ਇਸ ਆਨਲਾਈਨ ਸੰਵਾਦ ਵਿਚ ਸ਼ਿਰਕਤ ਕੀਤੀ। ਇਸ ਮੌਕੇ ਐਸ.ਡੀ.ਐਮ. ਕੇਸਵ ਗੋਇਲ, ਸਹਾਇਕ ਕਮਿਸ਼ਨਰ ਜਨਰਲ ਕੰਵਰਜੀਤ ਸਿੰਘ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ  ਵਨੀਤ ਸ਼ਰਮਾ, ਜਿਲ਼ਾ ਪ੍ਰੀਸ਼ਦ ਚੇਅਰਪਰਸਨ ਮਮਤਾ ਰਾਣੀ, ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਰੂਬੀ ਗਿੱਲ ਵੀ ਹਾਜਰ ਸਨ।