ਪੰਜਾਬ

ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧਣ ਕਰਕੇ ਸਥਿਤੀ ਗੰਭੀਰ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ/ਭੁਲੱਥ ਅਪ੍ਰੈਲ 27

ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧਣ ਕਰਕੇ ਸਥਿਤੀ ਗੰਭੀਰ ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਹਾਲਾਤਾਂ ’ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਭਾਰਤ ਸਰਕਾਰ ਪਾਸੋਂ ਟੀਕੇ ਦੀ ਸਪਲਾਈ ਘੱਟ ਹੋਣ ਕਾਰਨ ਸੂਬੇ ਕੋਲ ਟੀਕੇ ਦੀਆਂ ਸਿਰਫ 1.9 ਲੱਖ ਖੁਰਾਕਾਂ ਬਚੀਆਂ ਹਨ। ਇਸ ਉਪਲੱਬਧ ਸਟਾਕ ਵਿਚੋਂ 1 ਲੱਖ ਤੋਂ ਵੱਧ ਖੁਰਾਕਾਂ ਅੱਜ ਵਰਤੇ ਜਾਣ ਦੀ ਉਮੀਦ ਹੈ।

ਗੁਰੂ ਨਾਨਕ ਦੇਵ ਡਾਇਲਿਸਿਸ ਯੂਨਿਟ ਦਾ ਉਦਘਾਟਨ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 25 ਅਪ੍ਰੈਲ ਨੂੰ ਤਕਰੀਬਨ 1.5 ਲੱਖ ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕੋਰੋਨਾ ਦੇ ਵਧ ਰਹੇ ਮਾਮਲਿਆਂ ਕਰਕੇ ਪੰਜਾਬ ਦੀ ਚਿੰਤਾਜਨਕ ਸਥਿਤੀ ਦਾ ਮੁੱਦਾ ਉਠਾਇਆ ਹੈ ਅਤੇ ਭਾਰਤ ਸਰਕਾਰ ਪਾਸੋਂ ਕੋਵਿਡ-19 ਦੇ ਟੀਕੇ ਅਤੇ ਆਕਸੀਜਨ ਦੀ ਨਿਯਮਤ ਸਪਲਾਈ ਦੀ ਮੰਗ ਕੀਤੀ ਹੈ।

ਕੋਵਿਡ ਟੀਕਾਕਰਨ ਮੁਹਿੰਮ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਮੁੱਢਲੇ ਸਿਹਤ ਕੇਂਦਰਾਂ ਅਤੇ ਤੰਦਰੁਸਤ ਪੰਜਾਬ ਤੇ ਸਿਹਤ ਕੇਂਦਰਾਂ ਵਿਖੇ ਟੀਕਾਕਰਨ ਦਾ ਪ੍ਰਬੰਧ ਕਰ ਰਹੀ ਹੈ ਅਤੇ ਇਸਦੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨਾਂ ਦੇ ਦਰ ‘ਤੇ ਸਹੂਲਤ ਦਿੱਤੀ ਜਾ ਸਕੇ।ਉਨਾਂ ਕਿਹਾ ਕਿ ਇੱਥੇ ਸਾਡੇ ਕੋਲ ਆਸਾਨੀ ਨਾਲ 3 ਲੱਖ ਲਾਭਪਾਤਰੀਆਂ ਦਾ ਟੀਕਾਕਰਨ ਕਰਨ ਦੀ ਸਮਰੱਥਾ ਹੈ।

ਉਨਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 30,05,083 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਜਿਸ ਤਹਿਤ ਕੁੱਲ 26,82,393 ਵਿਅਕਤੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 3,22,690 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਟੀਕਿਆਂ ਦੀ ਸਪਲਾਈ ਨੂੰ ਨਿਯਮਤ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਿਖਲਾਈ ਪ੍ਰਾਪਤ ਸਟਾਫ ਅਤੇ ਸੁਜੱਚਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ ਜਿਸ ਨਾਲ ਰੋਜ਼ਾਨਾ 3 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ ਅਤੇ ਹਰ ਹਫ਼ਤੇ 15 ਲੱਖ ਖੁਰਾਕਾਂ ਦੀ ਜਰੂਰਤ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਨੇ 22 ਅਪ੍ਰੈਲ ਨੂੰ ਕੇਂਦਰੀ ਸਿਹਤ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਟੀਕੇ ਦੀਆਂ 10 ਲੱਖ ਖੁਰਾਕਾਂ ਦੀ ਮੰਗ ਕੀਤੀ ਸੀ।

ਉਹਨਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਭਾਰਤ ਸਰਕਾਰ ਵੱਲੋਂ ਇਸ ਬਾਰੇ ਸੂਚਨਾ ਪੱਤਰ ਮਿਲਿਆ ਜਿਸ ਵਿੱਚ ਕੱਲ ਤੱਕ ਸਾਡੀ ਮੰਗ ਲਈ ਕੋਵੀਸ਼ੀਲਡ ਟੀਕੇ ਦੀਆਂ ਸਿਰਫ਼ 1.5 ਲੱਖ ਖੁਰਾਕਾਂ ਭੇਜਣ ਬਾਰੇ ਦੱਸਿਆ ਗਿਆ।

1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਰਗ ਦੇ ਟੀਕਾਕਰਨ ਦੀਆਂ ਤਿਆਰੀਆਂ ਸਬੰਧੀ ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਭਾਗ ਨੂੰ ਕੋਵੀਸ਼ੀਲਡ ਟੀਕੇ ਦੀਆਂ 30 ਲੱਖ ਖੁਰਾਕਾਂ ਮੰਗਵਾਉਣ ਲਈ ਕਿਹਾ ਗਿਆ ਹੈ।

ਆਕਸੀਜਨ ਦੀ ਘਾਟ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਪਲਾਂਟ ਪੂਰੀ ਸਮਰੱਥਾ ਨਾਲ ਕਾਰਜਸ਼ੀਲ ਹਨ ਜਦਕਿ ਕੇਂਦਰ ਸਰਕਾਰ ਵੱਲੋਂ ਤਰਲ ਆਕਸੀਜਨ ਸਬੰਧੀ ਪੰਜਾਬ ਦੇ ਕੋਟੇ ਨੂੰ ਵਧਾਇਆ ਨਹੀਂ ਗਿਆ ਹੈ।

ਇਸ ਤੋਂ ਪਹਿਲਾਂ ਸਿੱਧੂ ਨੇ ਸਿਵਲ ਹਸਪਤਾਲ ਭੁਲੱਥ ਵਿਖੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਲਗਭਗ 85 ਲੱਖ ਰੁਪਏ ਦੀ ਲਾਗਤ ਨਾਲ ਬਣੀ ਡਾਇਲਸਿਸ ਯੂਨਿਟ ਦਾ ਉਦਘਾਟਨ ਕੀਤਾ। ਉਨਾਂ ਸੁਸਾਇਟੀ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨਾਂ ਹਸਪਤਾਲ ਵਿਚ ਡਾਇਲਸਿਸ ਕਰਵਾਉਣ ਆਏ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਨਵਤੇਜ ਸਿੰਘ ਚੀਮਾ, ਵਿਧਾਇਕ  ਸੁਖਪਾਲ ਸਿੰਘ ਖਹਿਰਾ, ਡਿਪਟੀ ਕਮਿਸ਼ਨਰ  ਦੀਪਤੀ ਉੱਪਲ, ਐਸਐਸਪੀ ਕੰਵਰਦੀਪ ਕੌਰ ਆਈਪੀਐਸ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ, ਰਣਜੀਤ ਸਿੰਘ ਰਾਣਾ ਐਸ.ਐਮ.ਓ. ਭੁਲੱਥ ਡਾ. ਸ਼ਲਿੰਦਰ ਸਿੰਘ ਮੌਜੂਦ ਸਨ।