ਕੋਰੋਨਾ ਦੌਰਾਨ ਡੇਰਿਆਂ ਦਾ ਯੋਗਦਾਨ

 
ਨਰਿੰਦਰ ਜੱਗਾ
  ਅਣਗਿਣਤ ਅਪੀਲਾਂ ਤੋਂ ਬਾਅਦ ਆਖਿਰਕਾਰ ਪੰਜਾਬ ਦੇ ਲੋਕਾਂ ਨੇ ਕੋਰੋਨਾ ਦੀ ਵੈਕਸੀਨ ਲਗਵਾਉਣ ਲਈ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਚ ਖਾਸ ਤੌਰ ‘ਤੇ ਪੇਂਡੂ ਖੇਤਰਾਂ ਵਿਚ ਵੱਧ ਰਹੇ ਕੋਰੋਨਾ ਦੇ ਅਤੇ ਮੌਤਾਂ ਦੇ ਮਾਮਲਿਆਂ ਨੇ ਲੋਕਾਂ ਨੂੰ ਟੀਕਾਕਰਨ ਲਈ ਮਜਬੂਰ ਵੀ ਕੀਤਾ ਹੈ। ਹੁਣ ਟੀਕਾਕਰਨ ਨੂੰ ਲੈ ਕੇ ਮਾਰਾਮਰੀ ਵਰਗੀ ਸਥਿਤੀ ਬਣ ਰਹੀ ਹੈ। ਹਾਲਾਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸ਼ਮਸ਼ਾਨ ਘਾਟਾਂ ਵਿਚ ਕੋਰੋਨਾ ਮ੍ਰਿਤਕਾਂ ਦਾ ਦੇਹ ਸੰਸਕਾਰ ਕਰਨ ਲਈ ਸਥਾਨ ਦੀ ਕਮੀ ਹੋ ਗਈ ਹੈ। ਟੀਕਾਕਰਨ ਨੂੰ ਲੈ ਕੇ ਅਫਵਾਹਾਂ ਅਤੇ ਠੱਗੀ ਅਤੇ ਲਾਲਚ ਨੇ ਵੀ ਆਪਣਾ ਦਾਇਰਾ ਵਧਾਉਣਾ ਜਾਰੀ ਰੱਖਿਆ ਹੋਇਆ ਹੈ। ਕੁੱਛ ਸਮਾਂ ਪਹਿਲਾਂ ਹੀ ਪੰਜਾਬ ਦੇ ਰੋਪੜ ਜ਼ਿਲ੍ਹਾ ਦੀ ਇਕ ਨਹਿਰ ਵਿਚੋਂ ਰੇਮਡੇਸਿਵਿਰ ਦੇ ਸੈਂਕੜੇ ਟੀਕੇ ਮਿਲਣਾ ਵੀ ਚਿੰਤਾ ਦਾ ਵਿਸ਼ਾ ਹੈ। ਆਕਸੀਜਨ ਦੀ ਕਾਲਾਬਜ਼ਾਰੀ ਅਤੇ ਰਾਹਤ ਦੇਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਵਾਧਾ ਆਦਿ ਅਜਿਹੇ ਮੁੱਦੇ ਹਨ , ਜੋ ਗੰਭੀਰ ਧਿਆਨ ਮੰਗ ਰਹੇ ਹਨ। ਟੀਕਾਕਰਨ ਨੂੰ ਲੈ ਕੇ ਹਾਲੇ ਵੀ ਲੋਕਾਂ ਵਿਚ ਅਫਵਾਹਾਂ , ਡਾਕਟਰਾਂ ਅਤੇ ਸਾਈਂਸਦਾਨਾਂ ਦੀਆਂ ਸਲਾਹਾਂ ਵਿਚ ਮਤਭੇਦ ਹੋਣ ਕਾਰਣ ਮੌਕਾਪ੍ਰਸਤ ਲੋਕਾਂ ਨੂੰ ਇਸਤੋਂ ਫਾਇਦਾ ਲੈਣ ਦਾ ਮਾਰਗ ਮਿਲਿਆ ਹੋਇਆ ਹੈ। ਸੂਬੇ ਵਿਚ ਜਿੰਨ੍ਹਾ ਸੰਕਟ ਆਕਸੀਜਨ ਦਾ ਹੈ ਉਨ੍ਹਾਂ ਹੀ ਸੰਕਟ ਹਸਪਤਾਲਾਂ ਵਿਚ ਕੋਰੋਨਾ ਮਰੀਜਾਂ ਲਈ ਬੈਡ ਦੀ ਘਾਟ ਦਾ ਹੈ। ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਦੀ ਹੜਤਾਲ ਨੇ ਵੀ ਲੋਕਾਂ ਦੀ ਚਿੰਤਾ ਵਧਾਈ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਪਰ ਇੰਨ੍ਹਾ ਹਦਾਇਤਾਂ ‘ਤੇ ਕਿੰਨਾ ਕੁ ਅਮਲ ਹੋ ਰਿਹਾ ਹੈ , ਇਹ ਇਕ ਵੱਖਰੀ ਚਰਚਾ ਦਾ ਵਿਸ਼ਾ ਹੈ। ਕਿਓਂਕਿ ਕਾਰਵਾਈ ਕਰਨ ਦੀਆਂ ਸਰਕਾਰਾਂ ਕੋਲ ਹੀ ਹਨ। ਪਰ ਇਸ ਔਖੀ ਘੜੀ ਵਿਚ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਧਾਰਮਿਕ ਸਥਾਨਾਂ ਅਤੇ ਧਾਰਮਿਕ ਅਦਾਰਿਆਂ ਨੇ ਆਪਣੀ ਧਾਰਮਿਕ ਜਿੰਮੇਵਾਰੀ ਦੇ ਨਾਲ -ਨਾਲ ਸਮਾਜਿਕ ਜਿੰਮੇਵਾਰੀ ਵੀ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ. ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਵੀ ਸੰਗਤਾਂ ਨੂੰ ਕੋਰੋਨਾ ਸੁਰੱਖਿਆ ਨਿਯਮਾਂ ਦੇ ਪਾਲਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਗੁਰਦੁਆਰਿਆਂ ਦੇ ਹਾਲਾਂ ਵਿਚ ਕੋਰੋਨਾ ਇਲਾਜ ਕੇੰਦਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਆਕਸੀਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਆਪਣੇ ਸਮਾਗਮਾਂ ਨੂੰ ਸੀਮਤ ਕਰਨਾ ਹੀ ਕੋਈ ਛੋਟਾ ਯੋਗਦਾਨ ਨਹੀਂ ਹੈ। ਡੇਰਾ ਰਾਧਾ ਸੁਆਮੀ ਦਾ ਸਹਿਯੋਗ ਪੰਜਾਬ ਸਰਕਾਰ ਨੇ ਮੰਗਿਆ ਹੈ। ਨਿਰੰਕਾਰੀ ਮਿਸ਼ਨ ਅਤੇ ਡੇਰਾ ਸਿਰਸਾ ਵੱਲੋ ਵੀ ਇਸ ਘੜੀ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਫੌਜ ਨੇ ਪੰਜਾਬ ਵਿਚ ਕੋਰੋਨਾ ਵਾਰਡਾਂ ਵਿਚ ਮੋਰਚੇ ਸੰਭਾਲਣੇ ਸ਼ੁਰੂ ਕੀਤੇ ਹੋਏ ਹਨ। ਪਰ ਇਸੇ ਦੌਰਾਨ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਇਕ ਹੋਰ ਸੰਕਟ ਦੇ ਰੂਬਰੂ ਹੋਣਾ ਪੈ ਰਿਹਾ ਹੈ। ਇਹ ਸੰਕਟ ਕੋਰੋਨਾ ਤੋਂ ਇਲਾਵਾ ਹੋਰ ਰੋਗਾਂ ਨਾਲ ਪੀੜਤ ਲੋਕਾਂ ਦੀ ਪ੍ਰੇਸ਼ਾਨੀ ਨਾਲ ਸਬੰਧਿਤ ਹੈ। ਅਜਿਹੇ ਗੰਭੀਰ ਰੋਗਾਂ ਵਾਲੇ ਮਰੀਜਾਂ ਨੂੰ ਸਪੈਸ਼ਲਿਸਟ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਬੇਸ਼ੱਕ ਪੰਜਾਬ ਸਰਕਾਰ ਨੂੰ ਨਿਜੀ ਹਸਪਤਾਲਾਂ ਵਿਚ ਕੋਰੋਨਾ ਤੋਂ ਇਲਾਵਾ ਹੋਰ ਸਰ੍ਜਰੀਆਂ ਅਤੇ ਓ ਪੀ ਦੀ ਸੇਵਾਵਾਂ ‘ਤੇ ਰੋਕ ਲਾਈ ਹੋਈ ਹੈ। ਪਰ ਕੁਛ ਨਿਜੀ ਹਸਪਤਾਲ ਅਜਿਹੇ ਵੀ ਹਨ , ਜਿੱਥੇ ਇਹ ਸਬ ਪਿਛਲੇ ਦਰਵਾਜੇ ਰਾਹੀਂ ਚਲ ਰਿਹਾ ਹੈ। ਮੁਸ਼ਕਲ ਹੈ ਤਾਂ ਆਮ ਲੋਕਾਂ ਲਈ , ਜੋ ਵੱਡੇ ਨਿਜੀ ਹਸਪਤਾਲਾਂ ਤੋਂ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਪਰ ਇਸ ਸਭਦਾ ਅਸਰ ਭੈੜੇ ਰੂਪ ਵਿਚ ਪ੍ਰਗਟ ਹੋ ਰਿਹਾ ਹੈ। ਗੰਭੀਰ ਰੋਗਾਂ ਨਾਲ ਪੀੜਤ ਲੋਕਾਂ ਨੂੰ ਕਮਜ਼ੋਰੀ ਹੋਣ ‘ਤੇ ਕੋਰੋਨਾ ਵਰਗੇ ਰੋਗ ਸਹਿਜੇ ਹੀ ਆਪਣੀ ਜਗ੍ਹਾ ਬਣਾ ਰਹੇ ਹਨ। ਦੂਜੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਹਸਪਤਾਲਾਂ ਵਿਚ ਜੋ ਵੱਖ ਵੱਖ ਰੋਗਾਂ ਦੇ ਮਰੀਜਾਂ ਦੀਆਂ ਲਾਈਨਾਂ ਹੁੰਦੀਆਂ ਸਨ , ਉਹ ਜੇਕਰ ਹੁਣ ਗਾਇਬ ਹਨ ਤਾਂ ਇਹ ਸ਼ੰਕਾ ਹੋਣੀ ਸੁਭਾਵਿਕ ਹੈ ਕਿ ਕਿਤੇ ਓਹੀ ਪੀੜਤ ਮਰੀਜ਼ ਇਲਾਜ਼ ਨਾ ਹੋਣ ਕਾਰਨ ਕੋਰੋਨਾ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ। ਸਥਿਤੀ ਉਸ ਸਮੇਂ ਗੰਭੀਰ ਹੁੰਦੀ ਹੈ ਜਦ ਨਿਜੀ ਹਸਪਤਾਲ ‘ਚੋ ਮਰੀਜ ਆਖਰੀ ਸਾਹਾਂ ‘ਤੇ ਪੁੱਜਣ ‘ਤੇ ਉਸਨੂੰ ਸਰਕਾਰੀ ਹਸਪਤਾਲ ਵਿਚ ਭੇਜਿਆ ਜਾਂਦਾ ਹੈ। ਬੇਸ਼ੱਕ ਸਰਕਾਰ ਅਤੇ ਸੰਸਥਾਵਾਂ ਇਸ ਸੰਕਟ ਦੀ ਘੜੀ ਵਿਚ ਆਪੋ ਆਪਣਾ ਬੇਹਤਰ ਯੋਗਦਾਨ ਪਾ ਰਹੀਆਂ ਹਨ। ਪਰ ਜੋ ਕਮੀ ਨਜ਼ਰ ਆ ਰਹੀ ਹੈ ਉਹ ਆਪਸੀ ਤਾਲਮੇਲ ਦੀ ਹੈ। ਸਰਕਾਰ , ਧਾਰਮਿਕ ਸੰਸਥਾਵਾਂ , ਨਿਜੀ ਹਸਪਤਾਲਾਂ ਦਰਮਿਆਨ ਤਾਲਮੇਲ ਦੀ ਘਾਟ ਹੈ। ਜਿੰਦਗੀ ਬਚਾਉਣ ਲਈ ਪੀੜਤ ਅਤੇ ਉਸਦੇ ਪਰਿਵਾਰ ਨੂੰ ਦਰ ਦਰ ਭਟਕਣਾ ਪੈ ਰਿਹਾ ਹੈ। ਬੇਹਤਰ ਹੁੰਦਾ ਜੇਕਰ ਪੀੜਤ ਅਤੇ ਉਸਦੇ ਪਰਿਵਾਰ ਨੂੰ ਆਪਣੇ ਹੀ ਸ਼ਹਿਰ , ਕਸਬੇ ਵਿਚ ਇਸਦੀ ਜਾਣਕਾਰੀ ਹੋਵੇ ਅਤੇ ਤਾਂ ਜਿੰਦਗੀ ਦੇ ਖ਼ਤਰੇ ਵੀ ਘੱਟ ਹੋ ਸਕਦੇ ਹਨ ਅਤੇ ਆਮ ਲੋਕ ਕਿਸੇ ਲੁੱਟ ਤੋਂ ਵੀ ਬਚ ਸਕਦੇ ਹਨ। ਕੋਰੋਨਾ ਦੇ ਸੰਕਟ ਦੀ ਘੜੀ ਵਿਚ ਇਹ ਵੀ ਗੱਲ ਸਾਫ ਹੋ ਗਈ ਹੈ ਕਿ ਡੇਰਿਆਂ , ਧਾਰਮਿਕ ਸੰਗਠਨਾਂ ਦਾਸ ਦਾਇਰਾ ਸਿਰਫ ਧਾਰਮਿਕ ਸਰਗਰਮੀਆਂ ਵੱਲ ਹੀ ਨਹੀਂ ਰਿਹਾ ਸਗੋਂ ਉਨ੍ਹਾਂ ਨੇ ਵੀ ਧਾਰਮਿਕ ਦੇ ਨਾਲ ਨਾਲ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਨਿਭਾਉਣਾ ਸ਼ੁਰੂ ਕੀਤਾ ਹੋਇਆ ਹੈ।    

More from this section