ਪੰਜਾਬ

ਕੋਟਕਪੂਰਾ ਫੋਕਲ ਪੁਆਇੰਟ ਦੇ ਨਵੀਨੀਕਰਨ ਤੇ ਆਈ.ਆਈ.ਡੀ ਪ੍ਰੋਜੈਕਟ ਤਹਿਤ ਖਰਚੇ ਜਾ ਰਹੇ 10 ਕਰੋੜ ਰੁਪਏ-ਸੇਤੀਆ

ਫ਼ੈਕ੍ਟ ਸਮਾਚਾਰ ਸੇਵਾ
ਕੋਟਕਪੂਰਾ  ਅਗਸਤ 05
ਪੰਜਾਬ ਸਰਕਾਰ ਵੱਲੋਂ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੁਆਰਾ ਕੋਟਕਪੂਰਾ ਦੇ ਉਦਯੋਗਿਕ ਫੋਕਲ ਪੁਆਇੰਟ ਦੇ ਨਵੀਨੀਕਰਨ ਅਤੇ ਉਦਯੋਗਪਤੀਆਂ ਲਈ ਫੋਕਲ ਪੁਆਇੰਟ ਵਿੱਚ ਹੋਰ ਸਹੂਲਤਾਂ ਦੇ ਵਾਧੇ ਲਈ ਇੰਡਸਟਰੀਅਲ ਇਨਫਰਾਸਟਰਕਚਰ ਡਿਵੈਲਪਮੈਂਟ ਸਕੀਮ ਤਹਿਤ 10 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਤੇ ਇਸ ਪ੍ਰੋਜੈਕਟ ਲਈ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਵੱਲੋਂ 1 ਕਰੋੜ 70 ਲੱਖ ਰੁਪਏ ਦੀ ਰਾਸ਼ੀ ਨਾਲ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸੜਕਾਂ ਦੇ ਨਵੀਨੀਕਰਨ, ਬਿਲਡਿੰਗ ਦੇ ਨਵੀਨੀਕਰਨ, ਆਰ,ਓ ਲਵਾਉਣ. ਬਿਜਲੀ ਸੁਧਾਰਾਂ, ਗਰੀਨਰੀ, ਸੜਕਾਂ ਤੇ ਸੀਵਰੇਜ ਆਦਿ ਤੇ ਕੁੱਲ 10 ਕਰੋੜ ਰੁਪਏ ਦੇ ਕਰੀਬ ਰਾਸ਼ੀ ਖਰਚੀ ਜਾਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਦੀ ਬਿਹਤਰੀ ਲਈ ਫਰੀਦਕੋਟ ਜਿਲ੍ਹੇ ਵਿੱਚ ਕੋਟਕਪੂਰਾ ਫੋਕਲ ਪੁਆਇੰਟ ਦੇ ਨਵੀਨੀਕਰਨ ਦਾ ਚਲਾਇਆ ਗਿਆ ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਨੂੰ ਸਹੂਲਤਾਂ ਦੇਣ ਵੱਲ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਉਪਰੰਤ  ਜਿਲੇ ਵਿੱਚ ਉਦਯੋਗ ਚਲਣੇ ਸ਼ੁਰੂ ਹੋ ਗਏ ਹਨ ਜੋਂ ਕਿ ਜਿਲੇ ਦੇ ਉਦਯੋਗਾਂ, ਵਪਾਰੀਆਂ ਲਈ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਜਿਲੇ ਅੰਦਰ ਵੱਡੀ ਪੱਧਰ ਤੇ ਨੋਜਵਾਨਾਂ ਨੂੰ ਰੁਜਗਾਰ ਪ੍ਰਦਾਨ ਕਰਨ ਦੇ ਨਾਲ ਸੂਬੇ ਦੀ ਆਰਥਿਕ ਤਰੱਕੀ ਅਤੇ ਉਦਯੋਗਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਪਿਛਲੇ ਸਮੇਂ ਵਿੱਚ ਇਸ ਪ੍ਰੋਜੈਕਟ ਵਿੱਚ ਕੁਝ ਖੜੋਤ ਆ ਗਈ ਸੀ ਜਿਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸ ਸਬੰਧੀ ਅਧਿਕਾਰੀਆਂ ਨੂੰ ਕੰਮ ਵਿੱਚ ਹੋਰ ਤੇਜੀ ਲਿਆਉਣ ਅਤੇ ਕੰਮ ਨਿਯਮਾਂ ਅਨੁਸਾਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਫੋਕਲ ਪੁਆਇੰਟ ਦੇ ਪ੍ਰਧਾਨ  ਸ਼ੀਤਲ ਗੋਇਲ ਨੇ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਦੇ ਫੋਕਲ ਪੁਆਇੰਟ ਲਈ ਸ਼ੁਰੂ ਕੀਤੇ ਗਏ ਇਸ ਵੱਕਾਰੀ ਪ੍ਰੋਜੈਕਟ ਤੇ ਸਰਕਾਰ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਵਿੱਚ ਹੋਰ ਤੇਜੀ ਲਿਆ ਕੇ ਇਸ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ। ਵਿਭਾਗ  ਦੇ ਐਸ.ਡੀ.ਓ. ਦੀਪਕ ਕੁਮਾਰ ਅਤੇ ਜੇ.ਈ. ਰਾਜਇੰਦਰ ਨੇ ਦੱਸਿਆ ਕਿ ਫੋਕਲ ਪੁਆਇੰਟ ਤੇ ਕੰਕਰੀਟ ਸੜਕਾਂ ਦਾ ਅਤੇ ਹਰਿਆਲੀ ਲਈ ਪੌਦੇ ਲਗਾਉਣ ਦਾ ਕੰਮ ਹੋ ਚੁੱਕਿਆ ਹੈ। ਜਦਕਿ ਫੁੱਟਪਾਥ ਤੇ ਹੋਰ ਕੰਮ ਜਲਦੀ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ ਸੀਵਰੇਜ ਨਿਕਾਸੀ ਲਈ ਨਗਰ ਕੌਂਸਲ ਕੋਲ ਬਣਦੀ ਰਾਸ਼ੀ ਜਮਾਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਨਵੀਨੀਕਰਨ ਦੇ ਕੰਮ ਵਿੱਚ ਖੜੋਤ ਆਈ ਸੀ ਤੇ ਹੁਣ ਕੰਮ ਨੂੰ ਹੋਰ ਤੇਜ ਕੀਤਾ ਜਾਵੇਗਾ।