ਪੰਜਾਬ

ਕੈਪਟਨ ਆਪਣੀ ਡੁੱਬ ਰਹੀ ਕਿਸ਼ਤੀ ਅਤੇ ਕੁਰਸੀ ਨੂੰ ਬਚਾਉਣ ਲਈ ਹਾਈਕਮਾਨ ਅੱਗੇ ਹੋਏ ਗੋਡਿਆਂ ਭਾਰ: ਅਸ਼ਵਨੀ ਸ਼ਰਮਾ

ਫੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ ਜੂਨ 2
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਡੁੱਬ ਰਹੀ ਕਿਸ਼ਤੀ ਨੂੰ ਬਚਾਉਣ ਲਈ ਦਿੱਲੀ ਹਾਈ ਕਮਾਨ ਅੱਗੇ ਗੋਡੇ ਟੇਕ ਕੇ ਬੈਠੇ ਹਨ, ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕੈਪਟਨ ਨੇ ਸੂਬੇ ਦੇ ਲੋਕਾਂ ਲਈ ਕੁਝ ਨਹੀਂ ਕੀਤਾ| ਹੁਣ ਚੋਣਾਂ ਆ ਗਈਆਂ ਹਨ ਅਤੇ ਨਾ ਤਾਂ ਜਨਤਾ
ਨਾਲ ਕੀਤੇ ਵਾਅਦੇ ਪੂਰੇ ਕੀਤੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਕੋਰੋਨਾ ਕਾਲ ਵਿਚ ਕੋਈ ਰਾਹਤ ਦਿੱਤੀ ਹੈ। ਇਹ ਕਹਿਣਾ ਹੈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ। ਕਾਂਗਰਸ ਵਿੱਚ ਮਚੇ ਘਮਸਾਨ ਨੂੰ ਲੈ ਕੇ ਸ਼ਰਮਾ ਨੇ ਕਿਹਾ ਕਿ ਕਾਂਗਰਸਿਆਂ ਦਰਮਿਆਨ ਆਪਸੀ ਲੜਾਈ ਹੁਣ ਸੂਬੇ ਦੇ ਲੋਕਾਂ ਲਈ
ਨਾਸੂਰ ਬਣ ਗਈ ਹੈ। ਲੋਕ ਆਪਣੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਲੜ ਰਹੇ ਹਨ, ਜੋ ਕੋਰੋਨਾ ਮਹਾਂਮਾਰੀ ਕਾਰਨ ਮੌਤ ਦੇ ਖੂਹ ਵਿੱਚ ਰਹੀਆਂ ਹਨ ਅਤੇ ਕਾਂਗਰਸੀ ਆਗੂ ਆਪਣੀ ਹੋਂਦ ਅਤੇ ਕੁਰਸੀ ਲਈ ਲੜ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਿਰਫ ਅਖਬਾਰਾਂ ਵਿੱਚ ਵੱਡੇ-ਵੱਡੇ ਬਿਆਨ ਦੇ ਕੇ ਸੂਬੇ ਵਿੱਚ ਸਿਹਤ ਸਹੂਲਤਾਂ ਦੀ ਮਜ਼ਬੂਤੀ ਦੇ ਵੱਡੇ-ਵੱਡੇ ਦਾਅਵੇ ਕਰਨ ਤੋਂ ਨਹੀਂ ਥੱਕਦੇ, ਜਦਕਿ ਹਕੀਕਤ ਇਹ ਹੈ ਕਿ ਸਿਹਤ ਮੰਤਰੀ ਸਿੱਧੂ ਦੇ ਆਪਣੇ
ਹਲਕੇ ਵਿੱਚ ਸਿਹਤ ਸਹੂਲਤਾਂ ਦੀ ਹਾਲਤ ਬਦਤਰ ਹੈI ਸੂਬੇ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਨਾਲ ਲੜਨ ਅਤੇ ਉਨ੍ਹਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਮੁਹਇਆ ਕਰਨ ਦੀ ਬਜਾਏ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕਾਂਗਰਸੀ ਆਗੂ ਆਪਸ ਵਿਚ ਲੜਨ ਵਿਚ ਰੁੱਝੇ ਹੋਏ ਹਨ। ਉਨ੍ਹਾਂ ਦੀ
ਆਪਸੀ ਲੜਾਈ ਵਿਚ ਸਭ ਤੋਂ ਵੱਧ ਜਾਨੀ ਅਤੇ ਵਿੱਤੀ ਨੁਕਸਾਨ ਪੰਜਾਬ ਦੇ ਆਮ ਲੋਕਾਂ ਦਾ ਹੋਇਆ ਹੈ, ਜਿਨ੍ਹਾਂ ਦੇ ਪਰਿਵਾਰ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਪਰ ਕੈਪਟਨ ਅਤੇ ਉਹਨਾਂ ਦੇ ਨੇਤਾਵਾਂ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈI