ਕੈਨਡਾ ਸਰਕਾਰ ਨੇ ਹਟਾਈ 14 ਦਿਨਾਂ ਦੇ ਇਕਾਂਤਵਾਸ ਦੀ ਸ਼ਰਤ

ਫ਼ੈਕ੍ਟ ਸਮਾਚਾਰ ਸੇਵਾ
ਕੈਨੇਡਾ ਜੁਲਾਈ 06
ਸਰਕਾਰ ਨੇ ਇਕ ਵੱਡਾ ਫ਼ੈਸਲਾ ਕਰਦਿਆਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਇਕਾਂਤਵਾਸ ਨਾਲ ਸਬੰਧਤ ਹਦਾਇਤਾਂ ’ਚ ਬਦਲਾਅ ਕਰਦਿਆਂ ਹਵਾਈ ਅੱਡੇ ਨਜ਼ਦੀਕ 3 ਦਿਨ ਠਹਿਰਨ ਤੇ 14 ਦਿਨਾਂ ਦੇ ਇਕਾਂਤਵਾਸ ਦੀ ਸ਼ਰਤ ਹਟਾ ਦਿੱਤੀ ਹੈ। ਇਹ ਜੋ ਪਾਬੰਦੀਆਂ ਹਟਾਈਆਂ ਗਈਆਂ ਹਨ, ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦੀਆਂ ਦੋਵੇਂ ਵੈਕਸੀਨ ਲਗਵਾ ਲਈਆਂ ਹਨ ਪਰ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੀ ਵੈਕਸੀਨ ਲੱਗੀ ਹੋਵੇ, ਉਹ ਕੈਨੇਡਾ ਦੇ ਸਿਹਤ ਮੰਤਰਾਲੇ ਤੋਂ ਪ੍ਰਵਾਨਿਤ ਹੋਣੀ ਚਾਹੀਦੀ ਹੈ। ਕੈਨੇਡਾ ਸਿਹਤ ਮੰਤਰਾਲੇ ਨੇ ਫਾਈਜ਼ਰ, ਮੋਡਰਨਾ, ਕੋਵੀਸ਼ੀਲਡ, ਐਸਟ੍ਰਾਜ਼ੇਨੇਕਾ ਤੇ ਜਾਨਸਨ ਐਂਡ ਜਾਨਸਨ ਨੂੰ ਮਾਨਤਾ ਦਿੱਤੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਵੈਕਸੀਨ ਦੀ ਦੂਜੀ ਡੋਜ਼ ਕੈਨੇਡਾ ਲਈ ਰਵਾਨਾ ਹੋਣ ਤੋਂ ਦੋ ਹਫਤੇ ਪਹਿਲਾਂ ਲੈਣੀ ਲਾਜ਼ਮੀ ਹੈ। ਕੈਨੇਡਾ ਲਈ ਉਡਾਣ ਭਰਨ ਤੋਂ ਪਹਿਲਾਂ ਕੋਰੋਨਾ ਨੈਗੇਟਿਵ ਟੈਸਟ ਕਰਵਾਉਣ ਦਾ ਨਿਯਮ ਅਜੇ ਲਾਗੂ ਹੈ ਤੇ ਉਹ ਵੀ 3 ਦਿਨ ਪੁਰਾਣਾ ਹੋਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਦੇ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ, ਉਨ੍ਹਾਂ ਲੋਕਾਂ ਤੋਂ ਕੈਨੇਡਾ ’ਚ ਦਾਖਲ ਹੋ ਕੇ ਇਕ ਹਫ਼ਤੇ ਬਾਅਦ ਕੋਰੋਨਾ ਟੈਸਟ ਕਰਵਾਉਣ ਦੀ ਸ਼ਰਤ ਹੁਣ ਹਟਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਸ਼ਰਤਾਂ ਮੁੱਖ ਤੌਰ ’ਤੇ ਵਿਦੇਸ਼ਾਂ ਤੋਂ ਕੈਨੇਡਾ ’ਚ ਆਉਣ ਵਾਲੇ ਕੈਨੇਡੀਅਨ ਸਿਟੀਜ਼ਨਜ਼ ਤੇ ਪੀ. ਆਰ. ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਖਤਮ ਕੀਤੀਆਂ ਗਈਆਂ ਹਨ ਪਰ ਇਮੀਗੇ੍ਰਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਸੁਪਰ ਵੀਜ਼ਾ, ਵਰਕ ਪਰਮਿਟ ਤੇ ਸਟੱਡੀ ਪਰਮਿਟ ਵਾਲੇ ਵੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਇਹ ਵੀ ਦੱਸਣਯੋਗ ਹੈ ਕਿ ਦਿੱਲੀ ਤੋਂ ਸਰਬੀਆ ਤੇ ਪੈਰਿਸ ਦੇ ਰਸਤੇ ਕੁਝ ਲੋਕ ਕੈਨੇਡਾ ਪੁੱਜ ਰਹੇ ਸਨ ਪਰ ਪੈਰਿਸ ਵਿਚ ਕੋਰੋਨਾ ਟੈਸਟ ਨਾ ਕਰਵਾਇਆ ਹੋਣ ਕਰਕੇ ਉਨ੍ਹਾਂ ਨੂੰ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਸਰਕਾਰ ਨੇ ਇਹ ਫ਼ੈਸਲਾ ਕਰ ਕੇ ਜਿਥੇ ਵਿਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਹੋ ਰਹੀ ਖੱਜਲ-ਖੁਆਰੀ ਤੋਂ ਵੱਡੀ ਰਾਹਤ ਦਿੱਤੀ ਹੈ।

More from this section