ਵਿਦੇਸ਼

ਕੈਂਸਰ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਲਈ ਤਾਇਨਾਤ ਕੀਤੇ ਜਾਣਗੇ ਰੋਬੋਟ

ਫ਼ੈਕ੍ਟ ਸਮਾਚਾਰ ਸੇਵਾ
ਇੰਟਰਨੈਸ਼ਨਲ ਡੈਸਕ ਜੁਲਾਈ 09
ਇਜ਼ਰਾਈਲ ਦੇ ਸਭ ਤੋਂ ਵੱਡੇ ਹਸਪਤਾਲ ਦਾ ਕੈਂਸਰ ਵਿਗਿਆਨ ਵਿਭਾਗ ਜਲਦ ਹੀ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਲਈ ਰੋਬੋਟ ਤਾਇਨਾਤ ਕਰੇਗਾ। ਇਕ ਮੀਡੀਆ ਰਿਪੋਰਟ ਰਾਹੀਂ ਸ਼ੁੱਕਰਵਾਰ ਇਹ ਜਾਣਕਾਰੀ ਮਿਲੀ। ਇਹ ਰੋਬੋਟ ਇਸ ਕੰਮ ਲਈ ਭੂਮੀਗਤ ਸੁਰੰਗਾਂ, ਨਿਯਮਿਤ ਕੋਰੀਡੋਰ ਤੇ ਲਿਫਟ ਤੱਕ ਦੀ ਵਰਤੋਂ ਕਰਨ ’ਚ ਮਾਹਿਰ ਹੈ। ‘ਦਿ ਟਾਈਮਜ਼ ਆਫ ਇਜ਼ਰਾਈਲ’ ਦੀ ਖ਼ਬਰ ਅਨੁਸਾਰ ਅਗਲੇ ਮਹੀਨੇ ਤੋਂ ਜਦੋਂ ਸ਼ੀਬਾ ਮੈਡੀਕਲ ਸੈਂਟਰ ਦੇ ਆਨਕੋਲਾਜੀ ਵਿਭਾਗ ਨੂੰ ਕੈਂਸਰ ਦੀ ਦਵਾਈ ਦੀ ਲੋੜ ਹੋਵੇਗੀ ਤਾਂ ਇਜ਼ਰਾਈਲ ’ਚ ਤਿਆਰ ਇਹ ਰੋਬੋਟ ਇਨ੍ਹਾਂ ਦਵਾਈਆਂ ਨੂੰ ਸਿੱਧੇ ਉਸ ਨਰਸ ਤੱਕ ਪਹੁੰਚਾਉਣਗੇ, ਜਿਨ੍ਹਾਂ ਨੂੰ ਇਸ ਦਵਾਈ ਦੀ ਲੋੜ ਹੈ। ਇਸ ਤਰ੍ਹਾਂ ਸਮਾਂ ਬਚਾ ਕੇ ਇਹ ਰੋਬੋਟ ਮਰੀਜ਼ਾਂ ਦੀ ਜਾਨ ਬਚਾਉਣ ’ਚ ਮਦਦ ਕਰਨਗੇ। ਹਸਪਤਾਲ ਨੂੰ ਉਮੀਦ ਹੈ ਕਿ ਹੌਲੀ-ਹੌਲੀ ਇਹ ਇਸ ਤੰਤਰ ਦਾ ਵਿਕਾਸ ਕਰਨਗੇ ਤੇ ਫਿਰ ਸਾਰੇ ਵਿਭਾਗਾਂ ’ਚ ਇਸ ਉਦੇਸ਼ ਲਈ ਰੋਬੋਟ ਦੀ ਵਰਤੋਂ ਕੀਤੀ ਜਾਵੇਗੀ। ਸ਼ੀਬਾ ’ਚ ਕਲੀਨਿਕਲ ਫਾਰਮਾਕੋਲਾਜੀ ਦੇ ਡਾਇਰੈਕਟਰ ਰੋਨੇਨ ਲੋਬਸਟਿਨ ਨੇ ਦੱਸਿਆ ਕਿ ਇਹ ਬਹੁਤ ਉਤਸ਼ਾਹਜਨਕ ਹੈ ਕਿ ਅਸੀਂ ਦਵਾਈ ਪਹੁੰਚਾਉਣ ਲਈ ਇਨਸਾਨ ਦੀ ਜਗ੍ਹਾ ਰੋਬੋਟ ਦੀ ਵਰਤੋਂ ਕਰਾਂਗੇ, ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ। ਰਿਪੋਰਟ ’ਚ ਦੱਸਿਆ ਗਿਆ ਕਿ ਇਜ਼ਰਾਈਲ ਦੀ ਸਟਾਰਟਅੱਪ ਕੰਪਨੀ ‘ਸੀਮਲੈੱਸ ਵਿਜ਼ਨ’ ਪਹਿਲੀ ਵਾਰ ਰੋਬੋਟ ਤਾਇਨਾਤ ਕਰੇਗੀ ਤੇ ਇਸ ਕੰਪਨੀ ਨੂੰ ਉਮੀਦ ਹੈ ਕਿ ਇਸ ਸਬੰਧ ’ਚ ਉਨ੍ਹਾਂ ਕੋਲ ਅੰਤਰਰਾਸ਼ਟਰੀ ਗਾਹਕ ਵੀ ਆਉਣਗੇ।