ਦੇਸ਼

ਕੇਜਰੀਵਾਲ ਦੀ ਟਿੱਪਣੀ ਭਾਰਤ ਦਾ ਬਿਆਨ ਨਹੀਂ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ,  ਮਈ 19
ਭਾਰਤੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਕੋੋਵਿਡ-19 ਵਿਰੁੱਧ ਲੜਾਈ ਵਿੱਚ ਸਿੰਗਾਪੁਰ ਅਤੇ ਭਾਰਤ ਮਜ਼ਬੂਤ ​​ਹਿੱਸੇਦਾਰ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਟਿੱਪਣੀ ਦੇਸ਼ ਦਾ ਬਿਆਨ ਨਹੀਂ ਹੈ। ਵਿਦੇਸ਼ ਮੰਤਰਾਲੇ ਨੇ ਇਹ ਸਪੱਸ਼ਟੀਕਰਨ ਕਰੋਨਾਵਾਇਰਸ ਦੇ ਕਥਿਤ ਨਵੇਂ ਰੂਪ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਿੰਗਾਪੁਰ ਤੋਂ ਉਡਾਣਾਂ ਰੱਦ ਕਰਨ ਬਾਰੇ ਕੀਤੀ ਟਿੱਪਣੀ ’ਤੇ ਸਿੰਗਾਪੁਰ ਸਰਕਾਰ ਦੇ ਇਤਰਾਜ਼ ਤੋਂ ਬਾਅਦ ਦਿੱਤਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ, ‘ਸਿੰਗਾਪੁਰ ਅਤੇ ਭਾਰਤ ਕੋਵਿਡ-19 ਵਿਰੁੱਧ ਲੜਾਈ ਵਿਚ ਮਜ਼ਬੂਤ ​​ਭਾਈਵਾਲ ਰਹੇ ਹਨ। ਅਸੀਂ ਟਰਾਂਸਪੋਰਟ ਅਤੇ ਸਪਲਾਈ ਸੈਂਟਰ ਅਤੇ ਆਕਸੀਜਨ ਸਪਲਾਇਰ ਵਜੋਂ ਸਿੰਗਾਪੁਰ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ।’ ਉਨ੍ਹਾਂ ਕਿਹਾ ਕਿ ਸਾਡੀ ਸਹਾਇਤਾ ਲਈ ਫੌਜੀ ਜਹਾਜ਼ ਤਾਇਨਾਤ ਕਰਨ ਦੀ ਉਸ ਦੀ ਭਾਵਨਾ ਸਾਡੇ ਬੇਮਿਸਾਲ ਸਬੰਧਾਂ ਨੂੰ ਸਪਸ਼ਟ ਕਰਦੀ ਹੈ। ਜੈਸ਼ੰਕਰ ਨੇ ਕਿਹਾ, ‘ਹਾਲਾਂਕਿ, ਕੁਝ ਲੋਕਾਂ ਦੇ ਗ਼ੈਰ ਜ਼ਿੰਮੇਵਾਰਾਨਾ ਬਿਆਨ ਸਾਡੀ ਲੰਬੀ ਮਿਆਦ ਦੀ ਭਾਈਵਾਲੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਮੈਂ ਇਹ ਸਪੱਸ਼ਟ ਕਰ ਦਿੱਤਾ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਬਿਆਨ ਪੂਰੇ ਭਾਰਤ ਦਾ ਬਿਆਨ ਨਹੀਂ ਹੈ।’ ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, ‘ਸਿੰਗਾਪੁਰ ਸਰਕਾਰ ਵੱਲੋਂ ਸਖ਼ਤ ਇਤਰਾਜ ਦਰਜ ਕਰਵਾਉਣ ਲਈ ਅੱਜ ਸਾਡੇ ਹਾਈ ਕਮਿਸ਼ਨਰ ਨੂੰ ਬੁਲਾਇਆ ਗਿਆ ਸੀ। ਉਨ੍ਹਾ ਕਿਹਾ, ‘ਸਾਡੇ ਹਾਈ ਕਮਿਸ਼ਨਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਕੋਵਿਡ -19 ਦੀ ਪ੍ਰਕਿਰਤੀ ਜਾਂ ਸਿਵਲ ਹਵਾਬਾਜ਼ੀ ਨੀਤੀ ’ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ।’ -ਏਜੰਸੀ