ਹਰਿਆਣਾ

ਕੁੰਡਲੀ ਬਾਰਡਰ ‘ਤੇ ਰਸਤਾ ਖੋਲ੍ਹਣ ਨੂੰ ਲੈ ਕੇ ਪਿੰਡ-ਪਿੰਡ ਮੁਹਿੰਮ ਸ਼ੁਰੂ

ਫ਼ੈਕ੍ਟ ਸਮਾਚਾਰ ਸੇਵਾ ਸੋਨੀਪਤ, ਜੂਨ 29

ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਅੰਦੋਲਨ ਕਾਰਨ ਕੁੰਡਲੀ ਬਾਰਡਰ ‘ਤੇ ਜੀ.ਟੀ. ਰੋਡ ਪਿਛਲੇ 7 ਮਹੀਨਿਆਂ ਤੋਂ ਬੰਦ ਹੈ। ਇਸ ਕਾਰਨ ਖੇਤਰ ਦੇ ਲੋਕਾਂ ਨੂੰ ਦਿੱਲੀ ਆਉਣ-ਜਾਣ ‘ਚ ਪਰੇਸ਼ਾਨੀ ਹੋ ਰਹੀ ਹੈ। ਇਸ ਨੂੰ ਦੇਖਦੇ ਹੋਏ ਨੇੜੇ-ਤੇੜੇ ਦੇ ਪਿੰਡ ਹੁਣ ਜੀ.ਟੀ. ਰੋਡ ਦਾ ਇਕ ਰਾਹ ਖੋਲ੍ਹਣ ਦੀ ਮੰਗ ਕਰ ਰਹੇ ਹਨ। ਰਾਸ਼ਟਰਵਾਦੀ ਪਰਿਵਰਤਨ ਮੰਚ ਦੀ ਇਸ ਮੁਹਿੰਮ ਨੂੰ ਪਿੰਡ-ਪਿੰਡ ‘ਚ ਸਮਰਥਨ ਮਿਲ ਰਿਹਾ ਹੈ। ਰਸਤਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਇਕ ਹਫ਼ਤੇ ਪਹਿਲਾਂ ਮਹਾਪੰਚਾਇਤ ਤੋਂ ਬਾਅਦ ਮੰਚ ਦੇ ਮੈਂਬਰ ਲਗਾਤਾਰ ਪਿੰਡਾਂ ‘ਚ ਜਨਸੰਪਰਕ ਮੁਹਿੰਮ ਚਲਾ ਰਹੇ ਹਨ। ਮੰਚ ਦੇ ਮੈਂਬਰ ਪਿੰਡ ਅਟੇਰਨਾ, ਮਨੌਲੀ, ਸੇਰਸਾ ਆਦਿ ਪਿੰਡਾਂ ‘ਚ ਜਾ ਕੇ ਇਕ ਪਾਸੇ ਦਾ ਰਾਹ ਖੋਲ੍ਹਣ ਲਈ ਲੋਕਾਂ ਤੋਂ ਸਮਰਥਨ ਮੰਗ ਰਹੇ ਹਨ। ਮੰਚ ਦੇ ਪ੍ਰਧਾਨ ਹੇਮੰਤ ਨਾਂਦਲ ਨੇ ਕਿਹਾ ਕਿ 7 ਮਹੀਨਿਆਂ ਤੋਂ ਰੋਡ ਬੰਦ ਹੋਣ ਕਾਰਨ ਖੇਤਰ ਦੇ ਲੋਕਾਂ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਉਹ ਲੋਕ ਕਿਸੇ ਦਾ ਵਿਰੋਧ ਨਹੀਂ ਕਰ ਰਹੇ, ਸਿਰਫ਼ ਆਪਣੀ ਸਮੱਸਿਆ ਨੂੰ ਲੈ ਕੇ ਆਵਾਜ਼ ਚੁੱਕ ਰਹੇ ਹਨ।

ਉਹਨਾਂ ਕਿਹਾ ਕਿ ਵਧਦੇ ਜਨ ਸਮਰਥਨ ਅਤੇ ਸਰਕਾਰ ਤੇ ਅੰਦੋਲਨਕਾਰੀਆਂ ‘ਤੇ ਦਬਾਅ ਬਣਾ ਕੇ ਹੀ ਇਕ ਪਾਸੇ ਦਾ ਰਸਤਾ ਖੋਲ੍ਹਿਆ ਜਾ ਸਕਦਾ ਹੈ। ਕੁਝ ਲੋਕ ਇਸ ਨੂੰ ਰਾਜਨੀਤੀ ਪ੍ਰੇਰਿਤ ਅਤੇ ਕਿਸਾਨ ਵਿਰੋਧੀ ਹੋਣ ਦੀ ਅਫ਼ਵਾਹ ਫ਼ੈਲਾ ਰਹੇ ਹਨ, ਜਦੋਂ ਕਿ ਉਹ ਅੰਦੋਲਨ ਦੇ ਵਿਰੋਧ ‘ਚ ਨਹੀਂ ਹਨ। ਸਾਨੂੰ ਤਾਂ ਸਿਰਫ਼ ਇਕ ਪਾਸੇ ਦਾ ਰਸਤਾ ਚਾਹੀਦਾ ਤਾਂ ਕਿ ਦਿੱਲੀ ਆਉਣਾ-ਜਾਣਾ ਸੌਖਾ ਹੋ ਸਕੇ ਅਤੇ ਖੇਤਰ ਦੇ ਲੋਕਾਂ ਦੀ ਰੋਜ਼ੀ-ਰੋਟੀ ਚੱਲ ਸਕੇ, ਕਿਉਂਕਿ ਪਿਛਲੇ 7 ਮਹੀਨਿਆਂ ਤੋਂ ਰੋਡ ਬੰਦ ਹੋਣ ਕਾਰਨ ਖੇਤਰ ਦੇ ਲੋਕ ਬੇਰੁਜ਼ਗਾਰ ਹੋ ਰਹੇ ਹਨ। ਮੁਹਿੰਮ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਜਲਦ ਰਸਤਾ ਨਹੀਂ ਖੁੱਲ੍ਹਿਆ ਤਾਂ ਇੱਥੇ ਵੱਡਾ ਅੰਦੋਲਨ ਵੀ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਸਥਿਤੀ ਤਾਂ ਖ਼ਰਾਬ ਹੋ ਰਹੀ ਹੈ, ਬੱਚਿਆਂ ਦਾ ਭਵਿੱਖ ਵੀ ਖ਼ਰਾਬ ਹੋ ਰਿਹਾ ਹੈ।