ਪੰਜਾਬ

ਕਿਸਾਨਾਂ ਨੂੰ 626 ਕਰੋੜ ਰੁਪਏ ਦੀ ਕੀਤੀ ਆਨਲਾਈਨ ਅਦਾਇਗੀ

ਫ਼ੈਕ੍ਟ ਸਮਾਚਾਰ ਸੇਵਾ
ਫ਼ਰੀਦਕੋਟ ਅਪ੍ਰੈਲ 29
ਜ਼ਿਲ੍ਹੇ ਦੇ 68 ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ,ਲਿਫਟਿੰਗ ਅਤੇ ਅਦਾਇਗੀ ਦਾ ਕੰਮ ਲਾਗਾਤਾਰ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਤੇ ਕਿਸੇ ਵੀ ਧਿਰ ਨੂੰ ਖ਼ਰੀਦ ਸਬੰਧੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ  ਵਿਮਲ ਕੁਮਾਰ ਸੇਤੀਆ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਤੋਂ ਖ਼ਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਅਦਾਇਗੀ ਵੀ ਕਿਸਾਨਾਂ ਨੂੰ ਆਨਲਾਈਨ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾ ਰਹੀ ਹੈ ਅਤੇ ਕੱਲ੍ਹ ਸ਼ਾਮ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ 626 ਕਰੋੜ ਰੁਪਏ ਜੋ ਕਿ ਖਰੀਦੀ ਗਈ ਕਣਕ ਦਾ 82 % ਬਣਦਾ ਹੈ, ਦੀ ਆਨਲਾਈਨ ਅਦਾਇਗੀ ਕੀਤੀ ਗਈ ਹੈ । ਜਿਸ ਵਿਚੋਂ ਪਨਗ੍ਰੇਨ ਵੱਲੋਂ 219.74 ਕਰੋੜ, ਮਾਰਕਫੈੱਡ ਵੱਲੋਂ 133.68 ਕਰੋੜ, ਪਨਸਪ ਵੱਲੋਂ 149.43 ਕਰੋੜ, ਪੰਜਾਬ ਵੇਅਰ ਹਾਊਸ ਵੱਲੋਂ 95.97 ਕਰੋੜ ਅਤੇ ਐਫ.ਸੀ.ਆਈ. ਵੱਲੋਂ 27 ਕਰੋੜ ਦੀ ਅਦਾਇਗੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿੱਚੋਂ ਵੱਖ ਵੱਖ ਖ਼ਰੀਦ ਏਜੰਸੀਆਂ ਵੱਲੋਂ 428349 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਜਦ ਕਿ ਮੰਡੀਆਂ ਵਿਚ ਕੁੱਲ 433657 ਮੀਟਰਕ ਟਨ ਕਣਕ ਦੀ ਆਮਦ ਹੋਈ ।ਉਨ੍ਹਾਂ ਦੱਸਿਆ ਕਿ ਪਨਗ੍ਰੇਨ ਵੱਲੋਂ  133428 ਮੀਟਰਕ ਟਨ, ਮਾਰਕਫੈੱਡ ਵੱਲੋਂ 92740 ਮੀਟਰਕ ਟਨ, ਪਨਸਪ ਵੱਲੋਂ 105925 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਵੱਲੋਂ 61125 ਮੀਟਰਕ ਟਨ, ਐਫ.ਸੀ.ਆਈ. ਵੱਲੋਂ 35131 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਖਰੀਦ ਉਪਰੰਤ ਮੰਡੀਆਂ ਵਿੱਚੋਂ ਕਣਕ ਦੀ 232853 ਮੀਟਰਕ ਟਨ ਲਿਫਟਿੰਗ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਕਰੋਨਾ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਮੰਡੀ ਬੋਰਡ ਵੱਲੋਂ  ਜਿੱਥੇ ਕਿਸਾਨਾਂ ,ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਉਨ੍ਹਾਂ ਨੂੰ ਕਰੋਨਾ ਦੀ ਰੋਕਥਾਮ ਲਈ ਸਾਵਧਾਨੀਆਂ ਵਰਤਣ ਦੀ ਵੀ ਲਗਾਤਾਰ ਅਪੀਲ ਵੀ ਕੀਤੀ ਜਾ ਰਹੀ ਹੈ ।ਸਾਰੇ ਹੀ ਖ਼ਰੀਦ ਕੇਂਦਰਾਂ ਵਿੱਚ ਮੰਡੀ ਬੋਰਡ, ਆੜ੍ਹਤੀਆਂ ਵੱਲੋਂ ਕਿਸਾਨਾਂ, ਲੇਬਰ ਆਦਿ ਲਈ ਸੈਨੀਟਾਈਜ਼ਰ, ਹੱਥ ਧੋਣ ਲਈ ਸਾਬਣ, ਪਾਣੀ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ।