ਪੰਜਾਬ

ਕਿਸਾਨਾਂ ਨੂੰ ਪਰਾਲੀ ਨਾ ਫੂਕਣ ਲਈ ਕੀਤਾ ਜਾਵੇਗਾ ਜਾਗਰੂਕ

ਫ਼ੈਕ੍ਟ ਸਮਾਚਾਰ ਸੇਵਾ
ਐਸ.ਏ.ਐਸ. ਨਗਰ ਅਕਤੂਬਰ 14

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਐਸ.ਏ.ਐਸ.ਨਗਰ ਦੀ ਕੋਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਧਾਨਗੀ ਕਰਦੇ ਹੋਏ  ਐਸ.ਐਸ.ਪੀ. ਐਸ.ਏ.ਐਸ.ਨਗਰ ਨੂੰ ਆਦੇਸ਼ ਦਿੱਤੇ ਕਿ  ਡੀ.ਐਸ.ਪੀ. ਪੱਧਰ ਤੇ ਪੰਚਾਇਤਾਂ ਦੀ ਅਗਲੇ ਤਿੰਨ ਦਿਨਾਂ ਦੌਰਾਨ ਕਲੱਸਟਰ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਜਾਵੇ

ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੰਬਾਇਨ ਹਾਰਵੈਸਟਰ ਰਾਹੀਂ ਝੋਨੇ ਦੀ ਕਟਾਈ ਲਈ ਸ਼ਾਮ 7.00 ਤੋਂ ਸਵੇਰੇ 10.00  ਵਜੇ ਤੱਕ ਪੂਰਨ ਪਾਬੰਦੀ ਲਾਈ ਗਈ ਹੈ। ਇਸੇ ਤਰ੍ਹਾਂ ਝੋਨੇ ਦੀ ਕਟਾਈ ਬਿਨਾਂ ਸੁਪਰ ਐਸ.ਐਮ.ਐਸ.ਦੇ ਕੋਈ ਵੀ ਕੰਬਾਇਨ ਨਾ ਕਰਦੀ ਹੋਵੇ । ਇਸ ਕੰਮ ਲਈ ਕਾਰਜਕਾਰੀ ਇੰਜਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਐਸ.ਏ.ਐਸ.ਨਗਰ ਨੂੰ ਵੱਧ ਤੋਂ ਵੱਧ ਦੌਰੇ ਕਰਕੇ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਗਊਸ਼ਾਲਾਵਾ ਨੂੰ 500 ਟਨ ਪਰਾਲੀ ਦਾ ਸਟਾਕ ਦੇਣ ਲਈ ਮੁੱਖ ਖੇਤੀਬਾੜੀ ਅਫਸਰ ਨੂੰ ਹਦਾਇਤ ਕੀਤੀ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਗਊਸ਼ਾਲਾਵਾਂ ਲਈ ਹੋਰ ਕਿੰਨੀ ਪਰਾਲੀ ਦੀ ਲੋੜ ਹੈ, ਬਾਰੇ ਫੌਰੀ ਤੌਰ ਤੇ ਉਪਰਾਲੇ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਵਾਈ ਸੀਟੀ ਲਾਲੜੂ ਵੱਲੋਂ ਕਿਸਾਨਾਂ ਤੋਂ  150/- ਕੁਇੰਟਲ ਪਰਾਲੀ ਦੇ ਭਾਅ ਨੂੰ ਕਿਸਾਨਾਂ ਦੀ ਸਹੂਲਤ ਵਾਸਤੇ ਹੋਰ ਵਧਾਉਣ ਲਈ ਬੇਨਤੀ ਕੀਤੀ ਗਈ। ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਕਿਰਾਏ ਤੇ ਸਹਿਕਾਰੀ ਸਭਾਵਾਂ ਵੱਲੋਂ ਮਸ਼ੀਨਰੀ ਉਪਲਬਧ ਕਰਵਾਉਣ ਲਈ ਮਹਿੰਦਰਾ ਟਰੈਕਰਜ਼ ਵੱਲੋਂ ਕਿਰਾਏ ਦੇ ਆਧਾਰ ਉਤੇ ਟਰੈਕਟਰ ਮੁਹੱਈਆ ਕਰਵਾਉਣ ਦੇ ਉੱਦਮੀ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਨੂੰ ਆਦੇਸ਼ ਦਿੱਤੇ ਕਿ ਛੋਟੇ ਕਿਸਾਨਾਂ ਲਈ ਸੰਪੂਰਨ ਸੁਸਾਇਟੀ ਵਾਇਜ਼ ਰੋਡ ਮੈਪ ਤਿਆਰ ਕੀਤਾ ਜਾਵੇ ਤਾਂ ਜੋ ਮਹਿੰਦਰਾ ਟਰੈਕਟਰ ਵੱਲੋਂ ਕਿਰਾਏ ਉਤੇ ਟਰੈਕਟਰ ਉਪਲੱਬਧ ਕਰਵਾ ਕੇ ਸਹਕਿਾਰੀ ਸਭਾਵਾਂ ਵਿੱਚ ਉਪਲਬਧ ਮਸ਼ੀਨਰੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ।

ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਸਰਕਾਰ ਵੱਲੋਂ ਖੇਤੀ ਮਸ਼ੀਨਰੀ ਕਿਰਾਏ ਉਤੇ ਦੇਣ ਲਈ ਜੋ ਆਈ ਖੇਤ ਐਪ ਚਲਾਈ ਹੈ, ਉਸ ਦਾ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋ ਰਿਹਾ ਹੈ। ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦਿਆਲ ਕੁਮਾਰ  ਨੇ ਦੱਸਿਆ ਕਿ ਪਿੰਡ -ਪਿੰਡ ਵੈਨ ਰਾਹੀਂ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ  ਪ੍ਰਚਾਰ ਕਰਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ।  ਇਸ ਮੌਕੇ ਸ਼੍ਰੀ  ਸੁਖਵਿੰਦਰ  ਸਿੰਘ ਪਿੰਡ ਸ਼ਾਹਪੁਰ ਤੇ ਸ਼੍ਰੀ ਬਲਜਿੰਦਰ ਸਿੰਘ ਤੇ ਪਿੰਡ ਭਜੋਲੀ ਦੇ ਹੋਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦਾ ਪ੍ਰਣ ਲੈਣ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਸਾਲ ਪ੍ਰਸ਼ਾਸਨ ਵੱਲੋਂ  ਉਨ੍ਹਾਂ ਪੰਚਾਇਤਾਂ ਅਤੇ ਉੱਦਮੀ ਕਿਸਾਨਾਂ ਨੂੰ ਉਚੇਚੇ ਤੌਰ ਉਤੇ ਸਨਮਾਨਿਤ ਕੀਤਾ ਜਾਵੇਗਾ, ਜੋ ਪ੍ਰਸ਼ਾਸਨ ਨਾਲ ਸਹਿਯੋਗ ਕਰ ਕੇ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ।