ਪੰਜਾਬ

ਕਲੀਨ ਇੰਡੀਆ ਮੁਹਿੰਮ ਤਹਿਤ ਪੂਰੇ ਜਿਲੇ ਵਿੱਚ ਚਲਾਈ ਜਾਵੇਗੀ ਸਫਾਈ ਮੁਹਿੰਮ- ਡਾ. ਨਿਰਮਲ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ ਸਤੰਬਰ  29

ਨਹਿਰੂ ਯੁਵਾ ਕੇਂਦਰ ਵੱਲੋਂ ਜਿਲਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਤੇ ਖੇਡ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ 1 ਅਕਤੂਬਰ ਤੋਂ 31 ਅਕਤੂਬਰ ਤੱਕ ਪੂਰੇ ਫਰੀਦਕੋਟ ਜਿਲੇ ਵਿੱਚ ਸਵੱਛ ਭਾਰਤ (ਕਲੀਨ ਇੰਡੀਆ) ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ ਜਿਲੇ ਦੇ ਸਮੂਹ ਵਿਭਾਗਾਂ ਤੋਂ ਇਲਾਵਾ, ਧਾਰਮਿਕ ਸਵੈ-ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਹ ਜਾਣਕਾਰੀ ਡਾ. ਨਿਰਮਲ ਓਸੇਪਚਨ ਐਸ.ਡੀ.ਐਮ. ਕੋਟਕਪੂਰਾ ਨੇ ਇਸ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ।

ਡਾ. ਨਿਰਮਲ ਨੇ ਕਿਹਾ ਕਿ ਕਲੀਨ ਇੰਡੀਆ ਮੁਹਿੰਮ ਤਹਿਤ ਪੂਰੇ ਜਿਲੇ ਦੇ ਹਰੇਕ ਸ਼ਹਿਰ, ਪਿੰਡ, ਮੁਹੱਲੇ ਵਿੱਚ ਇਸ ਸਕੀਮ ਨੂੰ ਚਲਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਤਹਿਤ ਨਹਿਰੂ ਯੁਵਾ ਕੇਂਦਰ ਫਰੀਦਕੋਟ ਵੱਲੋਂ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਸਿੱਖਿਆ ਵਿਭਾਗ, ਪੇਂਡੂ ਵਿਕਾਸ ਵਿਭਾਗ, ਖੇਡ ਵਿਭਾਗ, ਆਂਗਣਵਾੜੀ ਸੈਂਟਰਾਂ ਦੇ ਸਾਰੇ ਵਿਭਾਗਾਂ, ਦਫਤਰਾਂ ਸਮੇਤ ਹਰੇਕ ਪਿੰਡ ਅਤੇ ਸ਼ਹਿਰ ਦੇ ਗਲੀ ਮੁਹੱਲਿਆ ਵਿੱਚ ਚਲਾਈ ਜਾਵੇਗੀ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਇਸ ਕਲੀਨ ਇੰਡੀਆ ਮੁਹਿੰਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇਣ।

ਨਹਿਰੂ ਯੁਵਾ ਕੇਂਦਰ ਦੇ ਜਿਲਾ ਯੂਥ ਕੁਆਰਡੀਨੇਟਰ ਸ੍ਰੀ ਲਖਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਫਾਈ ਮੁਹਿੰਮ ਤਹਿਤ ਪਾਲੀਥੀਨ, ਪਲਾਸਟਿਕ, ਰਬੜ, ਕੱਚ ਸਮੇਤ ਹਰ ਤਰ੍ਹਾਂ ਦਾ ਸੁੱਕਾ ਕੂੜਾ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੂਰੇ ਦੇਸ਼ ਵਿੱਚ ਇਕਸਾਰ ਚੱਲੇਗੀ ਤੇ ਇਸ ਵਿੱਚ ਜਿਲੇ ਦੇ ਸਰਕਾਰੀ ਵਿਭਾਗਾਂ ਤੋਂ ਇਲਾਵਾ ਸਮੂਹ ਯੂਥ ਕਲੱਬਾਂ, ਐਨ.ਐਸ.ਐਸ. ਯੂਨਿਟਾਂ, ਨਹਿਰੂ ਯੂਥ ਕੇਂਦਰ ਦੀਆਂ ਕਲੱਬਾਂ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਸਵੈ ਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ ਅਤੇ ਇਸ ਨੂੰ ਜਨ ਲਹਿਰ ਬਣਾਇਆ ਜਾਵੇਗਾ।

ਇਸ ਮੌਕੇ ਡੀ.ਡੀ.ਪੀ.ਓ ਸ. ਬਲਜੀਤ ਸਿੰਘ ਕੈਂਥ, ਨਾਇਬ ਤਹਿਸੀਲਦਾਰ ਅਮਨ ਗੋਇਲ, ਜੇ.ਈ. ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।