ਪੰਜਾਬ

ਕਰਜ਼ਿਆਂ ਦੀਆਂ ਬਕਾਇਆ ਦਰਖ਼ਾਸਤਾਂ ਦਾ ਜਲਦ ਨਿਬੇੜਾ ਕੀਤਾ ਜਾਵੇ : ਏਡੀਸੀ

ਫ਼ੈਕ੍ਟ ਸਮਾਚਾਰ ਸੇਵਾ ਬਰਨਾਲਾ, ਜੂਨ 29

ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਦਫਤਰ ਬਰਨਾਲਾ ਵੱਲੋਂ ਜ਼ਿਲੇ ਦੀ 57ਵੀਂ, ਮਾਰਚ 2021 ਦੀ ਤਿਮਾਹੀ ਜ਼ਿਲਾ ਸਲਾਹਕਾਰ ਕਮੇਟੀ, ਜ਼ਿਲਾ ਸਲਾਹਕਾਰ ਰੀਵਿਊ ਕਮੇਟੀ ਤੇ ਜ਼ਿਲਾ ਪੱਧਰੀ ਸਕਿਉਰਟੀ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਲ ਰਾਮ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਲ 2020-21 ਦੀ ਮਾਰਚ 2021 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਚਰਚਾ ਕੀਤੀ ਗਈ।

ਜ਼ਿਲਾ ਲੈਵਲ ਸਕਿਉਰਟੀ ਕਮੇਟੀ ਵਿੱਚ ਵਿਸ਼ਵਜੀਤ ਸਿੰਘ ਮਾਨ (ਡੀ.ਐਸ.ਪੀ, ਪੰਜਾਬ ਪੁਲਿਸ, ਬਰਨਾਲਾ) ਵੱਲੋਂ ਬੈਂਕਾਂ ਨੂੰ ਸੀ.ਸੀ.ਟੀ.ਵੀ ਕੈਮਰੇ, ਖਤਰੇ ਦਾ ਅਲਾਰਮ ਤੇ ਕਰੰਸੀ ਚੈਸਟਾਂ ਦੀ ਹੌਟਲਾਈਨ ਹਰ ਵੇਲੇ ਚਾਲੂ ਰੱਖਣ ਦੀ ਹਦਾਇਤ ਦਿੱਤੀ ਗਈ ਤੇ ਇਨਾਂ ਨੂੰ ਸਮੇਂ-ਸਮੇਂ ’ਤੇ ਚੈਕ ਕਰਨ ਅਤੇ ਸੀ.ਸੀ.ਟੀ.ਵੀ ਦੀ ਫੁਟੈਜ ਬੈਂਕਾਂ ਦੀ ਹਦਾਇਤਾਂ ਅਨੁਸਾਰ ਸੁਰੱਖਿਅਤ ਰੱਖਣ ਲਈ ਕਿਹਾ ਗਿਆ। ਇਸ ਮੌਕੇ ਸ਼ਿਵਰਾਜ ਬਰਾੜ (ਚੀਫ਼ ਸਕਿਉਰਟੀ ਅਫ਼ਸਰ, ਸਟੇਟ ਬੈਂਕ ਆਫ ਇੰਡੀਆ, ਬਠਿੰਡਾ) ਨੇ ਦੱਸਿਆ ਕਿ ਸੀ.ਸੀ.ਟੀ.ਵੀ ਦੀਆਂ ਡੀ.ਵੀ.ਆਰਜ਼ ਨੂੰ ਅਲੱਗ ਤੋਂ ਸੁਰੱਖਿਅਤ ਕਮਰਿਆਂ ਵਿੱਚ ਰੱਖਿਆ ਜਾਵੇ। ਉਨਾਂ ਦੱਸਿਆ ਕਿ ਜਦੋਂ ਵੀ ਕੋਈ ਸਕਿਉਰਿਟੀ ਸਟਾਫ਼ ਜਾਂ ਹੋਰ ਕੋਈ ਵਿਅਕਤੀ ਬੈਂਕਾਂ ਵੱਲੋਂ ਕਿਸੇ ਹੋਰ ਏਜੰਸੀ ਵੱਲੋਂ ਭਰਤੀ ਕੀਤਾ ਜਾਂਦਾ ਹੈ ਤਾਂ ਉਸ ਦੀ ਪੁਲਿਸ ਤੋਂ ਪੂਰੀ ਸ਼ਨਾਖ਼ਤ ਹੋਣੀ ਚਾਹੀਦੀ ਹੈ।

  ਡਿਪਟੀ ਕਮਿਸ਼ਨਰ (ਵਿਕਾਸ) ਨਵਲ ਰਾਮ ਅਤੇ ਹੋਰ

ਮਹਿੰਦਰਪਾਲ ਗਰਗ (ਲੀਡ ਡਿਸਟਿ੍ਰਕਟ ਮੈਨੇਜਰ, ਬਰਨਾਲਾ) ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2020-21 ਦੀ ਯੋਜਨਾ ਅਧੀਨ ਬਰਨਾਲਾ ਜ਼ਿਲੇ ਵਿੱਚ ਬੈਂਕਾਂ ਨੇ ਮਾਰਚ 2021 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜ਼ੀਹੀ ਖੇਤਰ ਵਿੱਚ 4243 ਕਰੋੜ ਰੁਪਏ ਦੇ ਕਰਜ਼ੇ ਵੰਡੇ, ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 3440 ਕਰੋੜ ਰੁਪਏ ਦੇ ਕਰਜ਼ੇ ਵੰਡੇ। ਰਿਜ਼ਰਵ ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜ਼ਾ ਜਮਾਂ ਅਨੁਪਾਤ 60 ਪ੍ਰਤੀਸ਼ਤ ਹੋਣੀ ਜ਼ਰੂਰੀ ਹੈ। ਬਰਨਾਲਾ ਜ਼ਿਲੇ ਦੀ ਇਹ ਅਨੁਪਾਤ 78.79 ਪ੍ਰਤੀਸ਼ਤ ਹੈ।

ਬੈਂਕਰਜ਼ ਦੀ ਜ਼ਿਲਾ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ
 

ਨਵਲ ਰਾਮ (ਵਧੀਕ ਡਿਪਟੀ ਕਮਿਸ਼ਨਰ, ਵਿਕਾਸ) ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਬਕਾਇਆ ਕਰਜ਼ਿਆਂ ਦੀਆਂ ਦਰਖ਼ਾਸਤਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਅਤੇ ਸਾਰੀਆਂ ਸਰਕਾਰੀ ਏਜੰਸੀਆਂ ਅਤੇ ਬੈਂਕ ਅਧਿਕਾਰੀ ਬਕਾਇਆ ਪਈਆਂ ਦਰਖ਼ਾਸਤਾਂ ਦਾ ਮਿਲਾਨ ਕਰਨ। ਉਨਾਂ ਨੇ ਬੈਂਕ ਅਧਿਕਾਰੀਆਂ ਨੂੰ ਸੈਲਫ਼-ਹੈਲਫ਼ ਗਰੁੱਪਾਂ ਦੇ ਖਾਤੇ ਖੋਲਣ ਦੀ ਹਦਾਇਤ ਕੀਤੀ ਅਤੇ ਉਨਾਂ ਦੀਆਂ ਬਾਕੀ ਰਹਿੰਦੀਆਂ ਸੀ.ਸੀ.ਐਲ ਦੀਆਂ ਲਿਮਟਾਂ ਮਨਜ਼ੂਰ ਕਰਨ ਲਈ ਕਿਹਾ। ਮਨੀਸ਼ ਗੁਪਤਾ (ਨਾਬਾਰਡ, ਕਲੱਸਟਰ ਹੈੱਡ, ਪਟਿਆਲਾ) ਨੇ ਜ਼ਿਲੇ ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਬਾਰੇ ਕਰਜ਼ੇ ਵੰਡ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਅਤੇ ਨਾਬਾਰਡ ਵੱਲੋਂ ਜੇ.ਐਲ.ਜੀ ਗਰੁੱਪਾਂ ਅਤੇ ਹੋਰ ਰੀਫਾਇਨਾਂਸ ਦੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ। ਅਨਿਲ ਕੁਮਾਰ ਵਰਮਾ (ਫੈਕਲਟੀ, ਪੇਂਡੂ ਸਵੈ-ਰੋਜ਼ਗਾਰ ਇੰਸਟੀਚਿਊਟ ਅਤੇ ਟਰੇਨਿੰਗ ਸੈਂਟਰ, ਬਰਨਾਲਾ) ਨੇ ਵੀ ਮਾਰਚ 2021 ਦੀ ਤਿਮਾਹੀ ਦਾ ਡੀ.ਐਲ.ਆਰ.ਏ.ਸੀ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ 2021-2022 ਦੀ 5500 ਕਰੋੜ ਰੁਪਏ ਦੀ ਜ਼ਿਲਾ ਸਾਲਾਨਾ ਕਰਜ਼ਾ ਯੋਜਨਾ ਜਾਰੀ ਕੀਤੀ ਜੋ ਕਿ ਪਿਛਲੇ ਸਾਲ ਨਾਲੋਂ 4.96 ਪ੍ਰਤੀਸ਼ਤ ਵੱਧ ਹੈ। ਇਸ ਮੌਕੇ ਸੇਖ਼ਰ ਵਤਸ, ਨਿਸਾਰ ਗਰਗ (ਮੁੱਖ ਪ੍ਰਬੰਧਕ, ਸਟੇਟ ਬੈਂਕ ਆਫ ਇੰਡੀਆ, ਬਰਨਾਲਾ ਤੇ ਹੋਰ ਹਾਜ਼ਰ ਸਨ।