ਪੰਜਾਬ

ਕਰੋਨਾ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਪ੍ਰਕਿਰਿਆ ਵਿੱਚ ਤੇਜ਼ੀ ਅਤੇ ਹੋਰ ਸ਼ੁੱਧਤਾ ਲਿਆਉਣ ਦੇ ਦਿੱਤੇ ਆਦੇਸ਼

ਫ਼ੈਕ੍ਟ ਸਮਾਚਾਰ ਸੇਵਾ
ਮੋਗਾ, ਅਪ੍ਰੈਲ 30
ਕਰੋਨਾ ਦੇ ਸੰਕਰਮਣ ਦੀ ਦੂਸਰੀ ਲਹਿਰ ਬੜੀ ਤੇਜ਼ੀ ਨਾਲ ਆਪਣਾ ਸੰਕਰਮਣ ਫੈਲਾਅ ਰਹੀ ਹੈ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਬੇਲੋੜੀ ਮੂਵਮੈਂਟ ਨੂੰ ਬੰਦ ਕਰੀਏ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰੀਏ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇਸ ਬੁਰੇ ਵਕਤ ਵਿੱਚੋਂ ਨਿਕਲ ਸਕੀਏ ਅਤੇ ਅਜਿਹਾ ਸਾਰਿਆਂ ਦੇ ਸਾਥ ਸਦਕਾ ਹੀ ਸੰਭਵ ਹੋ ਸਕਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਈਅਰ ਨੇ ਸਬੰਧਤ ਵਿਭਾਗਾਂ ਨਾਲ ਰੱਖੀ ਗਈ ਕੋਵਿਡ 19 ਨਾਲ ਨਜਿੱਠਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ਼) ਸੁਭਾਸ਼ ਚੰਦਰ,  ਡੀ.ਐਸ.ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਰਾਜਪਾਲ ਸਿੰਘ, ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਰਾਮ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕੌਰ, ਸਿਵਲ ਸਰਜਨ ਮੋਗਾ ਅਮਰਪ੍ਰੀਤ ਕੌਰ ਬਾਜਵਾ ਅਤੇ ਹੋਰ ਵਿਭਾਗਾਂ ਦੇ ਮੁੱਖੀਆਂ ਨੇ ਹਿੱਸਾ ਲਿਆ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀ ਕੋਵਿਡ ਦੀ ਇਸ ਔਖੀ ਘੜੀ ਵਿੱਚ ਉਹ ਆਪਣੀ ਡਿਊਟੀ ਸੇਵਾ ਭਾਵਨਾ ਨਾਲ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ। ਮੀਟਿੰਗ ਵਿੱਚ ਉਨ੍ਹਾਂ ਸਿਵਲ ਸਰਜਨ ਮੋਗਾ ਨੂੰ ਹਦਾਇਤ ਜਾਰੀ ਕੀਤੀ ਕਿ ਕੋਵਿਡ 19 ਪਾਜੀਟਿਵ ਮਰੀਜ਼ ਦੀ ਸੰਪਰਕ ਟ੍ਰੇਸਿੰਗ ਪ੍ਰਕਿਰਿਆ ਵਿੱਚ ਤੇਜ਼ੀ ਅਤੇ ਹੋਰ ਸ਼ੁੱਧਤਾ ਲਿਆਂਦੀ ਜਾਵੇ ਤਾਂ ਕਿ ਵੱਧ ਤੋਂ ਵੱਧ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਸਹੀ ਸਮੇਂ ਤੇ ਲੋੜੀਂਦੀ ਮੈਡੀਕਲ ਸਹਾਇਤਾ ਪ੍ਰਦਾਨ ਹੋ ਸਕੇ। ਇਸ ਤੋਂ ਇਲਾਵਾ ਜਿਹੜੇ ਮਰੀਜ਼ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਹਨ ਉਨ੍ਹਾਂ ਦੀ ਵੀ ਟ੍ਰੇਸਿੰਗ ਕੀਤੀ ਜਾਵੇ ਅਤੇ ਕਿਸੇ ਵੀ ਪਾਜ਼ੀਟਵ ਮਰੀਜ਼ ਨੂੰ ਇਕਾਂਤਵਾਸ ਦੀ ਉਲੰਘਣਾ ਨਾ ਕਰਨ ਦਿੱਤੀ ਜਾਵੇ। ਮੀਟਿੰਗ ਵਿੱਚ ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਦੇ ਨੁਮਾਇੰਦਿਆਂ ਨੂੰ ਆਦੇਸ਼ ਦਿੱਤੇ ਕਿ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਸਮੇਂ ਸਿਰ ਭੋਜਨ ਦੀਆਂ ਕਿੱਟਾਂ ਪਹਿਲ ਦੇ ਆਧਾਰ ਤੇ ਪਹੁੰਚਾਈਆਂ ਯਕੀਨੀ ਬਣਾਈਆਂ ਜਾਣ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟ੍ਰੇਟਸ ਵਿਚਕਾਰ ਜ਼ਿਲ੍ਹੇ ਵਿੱਚ ਲੋੜੀਂਦੇ ਆਕਸੀਜਨ ਸਿਲੰਡਰਾਂ ਬਾਰੇ ਵੀ ਵਿਚਾਰ ਚਰਚਾ ਕੀਤੀ।
ਸਿਵਲ ਸਰਜਨ ਮੋਗਾ ਅਮਰਪ੍ਰੀਤ ਕੌਰ ਬਾਜਵਾ ਨੇ  ਜ਼ਿਲ੍ਹੇ ਵਿੱਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਅ ਕਿ ਸਿਹਤ ਵਿਭਾਗ ਮੋਗਾ ਵੱਲੋਂ ਜ਼ਿਲ੍ਹੇ ਵਿੱਚ ਕਰੋਨਾ  ਦੇ ਅੱਜ 914 ਸੈਂਪਲ ਇਕੱਤਰ ਕੀਤੇ ਗਏ ਹਨ ਅਤੇ ਜ਼ਿਲ੍ਹਾ ਵਿੱਚ 1269 ਕਰੋਨਾ ਦੇ ਐਕਟਿਵ ਮਰੀਜ਼ ਹਨ ਜਿੰਨ੍ਹਾਂ ਵਿੱਚੋਂ 1230 ਪਾਜ਼ੀਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਵੱਲੋਂ ਅੱਜ ਤੱਕ 1 ਲੱਖ 14 ਹਜ਼ਾਰ 795 ਕਰੋਨਾ ਦੇ ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ ਵਿੱਚੋਂ 89 ਹਜ਼ਾਰ 679 ਕੇਸਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 895 ਕੇਸਾਂ ਦੀ ਰਿਪੋਰਟ ਦੇ ਨਤੀਜਿਆਂ ਦਾ ਇੰਤਜ਼ਾਰ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਹੁਣ ਤੱਕ ਕੁੱਲ 4021 ਕਰੋਨਾ ਪਾਜ਼ੀਟਿਵ ਮਰੀਜ਼ ਕਰੋਨਾ ਨੂੰ ਹਰਾਉਣ ਵਿੱਚ ਸਫ਼ਲ ਹੋਏ ਹਨ ਅਤੇ 124 ਮਰੀਜ਼ਾਂ ਦੀ ਕਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ।
ਟਖੀਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਜਿਹੜੀਆਂ ਪਾਬੰਦੀਆਂ ਕੋਵਿਡ 19 ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਹਨ ਉਹ ਲੋਕਾਂ ਦੀ ਭਲਾਈ ਲਈ ਹੀ ਲਗਾਈਆਂ ਗਈਆਂ ਹਨ, ਇਨ੍ਹਾਂ ਦੀ ਇੰਨ ਬਿੰਨ੍ਹ ਪਾਲਣਾ ਕੀਤੀ ਜਾਵੇ ਅਤੇ ਪ੍ਰਸ਼ਾਸ਼ਨ ਦਾ ਕਰੋਨਾ ਵਿਰੁੱਧ ਛੇੜੀ ਜੰਗ ਵਿੱਚ ਸਾਥ ਦਿੱਤਾ ਜਾਵੇ।