ਪੰਜਾਬ

ਕਰੋਨਾ ਦਾ ਪਤਾ ਲਗਾਉਣ ਲਈ ਸਰਕਾਰੀ ਹਸਤਪਾਲ ਤੋਂ ਟੈਸਟ ਕਰਵਾਉਣਾ ਹੀ ਯੋਗ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ,  ਮਈ 5
ਪੰਜਾਬ ਸਰਕਾਰ ਵੱਲੋਂ ਛਾਤੀ ਦੇ ਸੀਟੀ ਸਕੈਨ ਲਈ ਰੇਟ ਨਿਰਧਾਰਿਤ ਕੀਤੇ ਗਏ ਹਨ ਅਤੇ ਕੋਈ ਵੀ ਪ੍ਰਾਈਵੇਟ ਸਕੈਨ ਸੈਂਟਰ ਤੈਅ ਰੇਟ ਤੋਂ ਵੱਧ ਕੀਮਤ ਨਹੀਂ ਵਸੂਲ ਸਕਦਾ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ  ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਛਾਤੀ ਦੀ ਇੰਨਫੈਕਸ਼ਨ ਦੇ ਡਰੋਂ ਮਰੀਜ਼ਾਂ ਵਿਚ ਛਾਤੀ ਦਾ ਸੀਟੀ ਸਕੈਨ ਕਰਾਉਣ ਦਾ ਗੈਰਜਰੂਰੀ ਰੁਝਾਨ ਵਧਿਆ ਹੈ । ਇਸ ਲਈ ਪੰਜਾਬ ਸਰਕਾਰ ਵੱਲੋਂ ਛਾਤੀ ਦੇ ਸੀਟੀ ਸਕੈਨ ਦਾ ਰੇਟ 2 ਹਜ਼ਾਰ ਰੁਪਏ ਨਿਰਧਾਰਿਤ ਕੀਤਾ ਗਿਆ। ਉਨਾਂ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਕੋਈ ਵੀ ਸਕੈਨ ਸੈਂਟਰ ਮਰੀਜ਼ ਤੋਂ ਛਾਤੀ ਦੇ ਸੀਟੀ ਸਕੈਨ ਦੀ ਕੀਮਤ 2 ਹਜ਼ਾਰ ਰੁਪਏ ਤੋਂ ਵੱਧ ਨਹੀਂ ਵਸੂਲ ਸਕਦਾ, ਜੇਕਰ ਕੋਈ ਵੀ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਨੇਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਸਿਵਲ ਸਰਜਨ ਫਾਜ਼ਿਲਕਾ ਡਾ: ਹਰਜਿੰਦਰ ਸਿੰਘ  ਨੇ ਜ਼ਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਮਾਹਿਰ ਡਾਕਟਰ ਦੀ ਸਲਾਹ ਤੋਂ ਬਿਨਾਂ ਸੀਟੀ ਸਕੈਨ ਨਾ ਕਰਵਾਏ, ਕਿਉਕਿ ਇਸ ਦੀਆਂ ਰੇਡੀਏਸ਼ਨਜ਼ ਸਿਹਤ ਨੂੰ ਵੱਡਾ ਨੁਕਸਾਨ ਪਹੁੰਚਾਉਦੀਆਂ ਹਨ। ਇਸ ਲਈ ਜੇਕਰ ਕਿਸੇ ਵੀ ਮਰੀਜ਼ ਨੂੰ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਉਹ ਮਾਹਿਰ ਡਾਕਟਰ ਦੀ ਜ਼ਰੂਰ ਸਲਾਹ ਲਵੇ। ਉਨਾਂ ਨੇ ਕਿਹਾ ਕਿ ਕੋਈ ਵੀ ਸੀਟੀ ਸਕੈਨ ਸੈਂਟਰ ਸਕੈਨ ਦੇ ਅਧਾਰ ਤੇ ਕਰੋਨਾ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਨਹੀਂ ਕਰ ਸਕਦਾ ਹੈ ਬਲਕਿ ਇਹ ਸਿਰਫ ਕਰੋਨਾ ਟੈਸਟ ਕਰਵਾਉਣ ਨਾਲ ਹੀ ਪਤਾ ਲੱਗਦਾ ਹੈ ਇਸ ਲਈ ਲੋਕ ਡਾਕਟਰ ਦੀ ਸਲਾਹ ਤੇ ਹੀ ਸੀਟੀ ਸਕੈਨ ਕਰਵਾਉਣ ਦਾ ਫੈਸਲਾ ਕਰਨ ਨਾ ਕਿ ਆਪਣੇ ਆਪ ਸੀਟੀ ਸਕੈਨ ਕਰਵਾਉਣ। ਉਨਾਂ ਨੇ ਇਹ ਵੀ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿਚ ਕਰੋਨਾ ਦਾ ਟੈਸਟ ਬਿਲਕੁਲ ਮੁਫ਼ਤ ਹੈ। ਇੱਥੇ ਦੋ ਪ੍ਰਕਾਰ ਦੇ ਟੈਸਟ ਹੁੰਦੇ ਹਨ: ਪਹਿਲਾ ਰੈਪੀਡ ਐਂਟੀਜਨ ਟੈਸਟ ਜੋ ਕਿ ਉਨਾਂ ਲੋਕਾਂ ਦੀ ਕੀਤਾ ਜਾਂਦਾ ਹੈ ਜਿੰਨਾਂ ਨੂੰ ਕਰੋਨਾ ਦੇ ਪ੍ਰਤੱਖ ਲੱਛਣ ਹੁੰਦੇ ਹਨ ਅਤੇ ਇਸਦੀ ਰਿਪੋਰਟ ਉਸੇ ਦਿਨ ਮਿਲ ਜਾਂਦੀ ਹੈ ਜਦ ਕਿ ਦੁਸਰਾ ਹੈ ਆਰਟੀਪੀਸੀਆਰ ਟੈਸਟ ਜਿਸ ਦਾ ਸੈਂਪਲ ਫਰੀਦਕੋਟ ਲੈਬ ਵਿਚ ਭੇਜਿਆ ਜਾਂਦਾ ਹੈ ਅਤੇ ਅਗਲੇ ਦਿਨ ਰਿਪੋਰਟ ਆਉਂਦੀ ਹੈ। ਉਨਾਂ ਨੇ ਕਿਹਾ ਕਿ ਜਿੰਨਾਂ ਲੋਕਾਂ ਨੇ ਟੈਸਟ ਕਰਵਾਏ ਹਨ ਉਹ ਪੰਜਾਬ ਸਰਕਾਰ ਦੀ ਕੋਵਾ ਐਪ ਤੇ ਆਪਣਾ ਸੈਂਪਲ ਆਈਡੀ ਜੋ ਕਿ ਉਨਾਂ ਨੂੰ ਐਸ.ਐਮ.ਐਸ. ਰਾਹੀਂ ਭੇਜੀ ਜਾਂਦੀ ਹੈ ਅਤੇ ਮੋਬਾਇਲ ਨੰਬਰ ਦਰਜ ਕਰਕੇ ਵੀ ਆਪਣੇ ਟੈਸਟ ਦਾ ਰਿਜਲਟ ਚੈਕ ਕਰ ਸਕਦੇ ਹਨ।