ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ ਮਈ 13
ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਜ਼ਿਲ੍ਹੇ ਦੇ ਸਬਜ਼ੀ ਉਤਪਾਦਕਾਂ ਤੇ ਮਧੂਮੱਖੀ ਉਤਪਾਦਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਮੁਸ਼ਕਿਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਵੱਲੋਂ ਜ਼ਿਲ੍ਹੇ ਦੇ ਅਗਾਂਹਵਧੂ ਸਬਜ਼ੀ ਉਤਪਾਦਕ ਅਤੇ ਮਧੂਮੱਖੀ ਉਤਪਾਦਕਾਂ ਕਿਸਾਨਾਂ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ/ਸਮੱਸਿਆਵਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ ਜਸਪਾਲ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਇਸ ਮੌਕੇ ਸਬਜ਼ੀ ਉਤਪਾਦਕਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕਰੋਨਾ ਦੇ ਸੰਕਟ, ਲੌਕ ਡਾਊਨ ਦੌਰਾਨ ਸਰਕਾਰ ਵੱਲੋਂ ਕਰੋਨਾ ਦੀ ਰੋਕਥਾਮ ਲਈ ਲਗਾਈਆਂ ਗਈਆਂ ਹੋਰ ਪਾਬੰਦੀਆਂ ਕਾਰਨ ਸਬਜ਼ੀ ਉਤਪਾਦਕਾਂ ਨੂੰ ਆਪਣੀ ਫਸਲ ਵੇਚਣ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਰੇਹੜੀਆਂ ਤੇ ਸਬਜ਼ੀ ਵੇਚਣ ਵਾਲਿਆਂ ਦਾ ਸਮਾਂ ਹੋਰ ਵਧਾਇਆ ਜਾਵੇ ਅਤੇ ਉਨ੍ਹਾਂ ਨੂੰ ਵੀਕੈਂਡ ਲਾਕਡਾਊਨ ਦੌਰਾਨ ਸ਼ਰਤਾਂ ਸਹਿਤ ਗਲੀਆਂ ਵਿੱਚ ਸਬਜ਼ੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸਬਜ਼ੀ ਉਤਪਾਦਕ ਕਿਸਾਨਾਂ ਦੀ ਸਬਜ਼ੀ ਦੀ ਸਹੀ ਖ਼ਪਤ ਹੋ ਸਕੇ। ਇਸੇ ਤਰ੍ਹਾਂ ਮਧੂਮੱਖੀ ਪਾਲਕਾਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਮਧੂ ਮੱਖੀ ਪਾਲਣ ਦੇ ਧੰਦੇ ਵਿੱਚ ਉਨ੍ਹਾਂ ਨੂੰ ਮਧੂ ਮੱਖੀਆਂ ਦੇ ਬਕਸਿਆਂ ਨੂੰ ਵੱਖ ਵੱਖ ਜ਼ਿਲ੍ਹਿਆਂ ਜਾਂ ਦੂਜੇ ਰਾਜਾਂ ਵਿਚ ਲਿਜਾਣਾ ਪੈਂਦਾ ਹੈ ਪਰ ਲੌਕ ਡਾਊਨ ਦੌਰਾਨ ਉਨ੍ਹਾਂ ਦੇ ਬਕਸੇ ਦੂਜੇ ਸੂਬਿਆਂ ਜਿਵੇਂ ਕਿ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਆਦਿ ਰਾਜਾਂ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਇੰਟਰ ਸਟੇਟ ਪਾਸ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੰਗਲਾਤ ਜਾਂ ਨਹਿਰੀ ਵਿਭਾਗ ਵੱਲੋਂ ਉਨ੍ਹਾਂ ਨੂੰ ਸੜਕਾਂ ਦੇ ਕਿਨਾਰੇ ਜਾਂ ਨਹਿਰਾਂ ਦੀਆਂ ਪਟੜੀਆਂ ਤੇ ਮਧੂ ਮੱਖੀਆਂ ਦੇ ਬਕਸੇ ਰੱਖਣ ਤੋਂ ਰੋਕਿਆ ਜਾਂਦਾ ਹੈ ਜਦਕਿ ਮਧੂਮੱਖੀਆਂ ਫ਼ਸਲਾਂ ਤੇ ਦਰੱਖਤਾਂ ਲਈ ਪਰਾਗਣ ਕਿਰਿਆ ਦਾ ਕੰਮ ਕਰਦੀਆਂ ਹਨ।
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਇਨ੍ਹਾਂ ਅਗਾਂਹਵਧੂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪਾਲ ਸਿੰਘ ਭੱਟੀ ਨੂੰ ਕਿਹਾ ਕਿ ਉਹ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਖੁਦ ਵੀ ਕਦਮ ਚੁੱਕਣ ਅਤੇ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਉਨ੍ਹਾਂ ਦੀ ਪ੍ਰਵਾਨਗੀ ਦੀ ਜ਼ਰੂਰਤ ਹੈ, ਉਹ ਵੀ ਸ਼ਰਤਾਂ ਸਹਿਤ ਦੇ ਦਿੱਤੀ ਜਾਵੇਗੀ। ਕਿਉਂਕਿ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਬਿਜ਼ਨੈੱਸ,ਕੰਮ ਧੰਦਿਆਂ ਨੂੰ ਕਰੋਨਾ ਦੌਰਾਨ ਸ਼ਰਤਾਂ ਸਹਿਤ ਜਾਰੀ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਅਜਿਹੀਆਂ ਪਾਬੰਦੀਆਂ/ਲਾਕਡਾਊਨ ਵੀ ਬਹੁਤ ਜ਼ਰੂਰੀ ਹੈ ।
ਇਸ ਮੌਕੇ ਸੁਖਜਿੰਦਰ ਸਿੰਘ,ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਕੌਰ, (ਸਾਰੇ ਐਚ.ਡੀ.ਓ,)ਜਗਤਾਰ ਸਿੰਘ, ਅਰਾਈਆ ਵਾਲਾ, ਗੁਰਪ੍ਰੀਤ ਸਿੰਘ ਭੋਲੂਵਾਲਾ ਸਬਜੀ ਉਤਪਾਦਕ, ਚਰਨਜੀਤ ਸਿੰਘ, ਭੋਲੂਵਾਲਾ, ਕੁਲਦੀਪ ਸਿੰਘ, ਸਾਧੂਵਾਲਾ,ਮੁਹੰਮਦ ਇਰਸ਼ਾਦ, ਗੋਲੇਵਾਲਾ,ਹਰਜੀਤ ਸਿੰਘ ਘੁਗਿਆਣਾ, ਮਧੂ ਮੱਖੀ ਪਾਲਕ ਹਾਜ਼ਰ ਸਨ।