ਚੰਡੀਗੜ੍ਹ

ਕਰੋਨਾ ਕਾਰਨ ਮਾਪਿਆਂ ਵੱਲੋਂ ਬੱਚਿਆਂ ਨੂੰ ਸਕੂਲ ਬੱਸਾਂ ਵਿੱਚ ਭੇਜਣ ਤੋਂ ਨਾਂਹ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 05
ਇੱਥੇ ਕਰੋਨਾ ਮਹਾਮਾਰੀ ’ਤੇ ਤਾਂ ਕਾਬੂ ਪਾ ਲਿਆ ਗਿਆ ਹੈ ਪਰ ਹੁਣ ਵੀ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮਾਪੇ ਸਕੂਲ ਬੱਸਾਂ ਰਾਹੀਂ ਭੇਜਣ ਦੇ ਹੱਕ ਵਿੱਚ ਨਹੀਂ ਹਨ। ਜ਼ਿਆਦਾਤਰ ਸਕੂਲਾਂ ਵਿੱਚ ਸਿਰਫ਼ 15 ਫੀਸਦੀ ਮਾਪਿਆਂ ਨੇ ਹੀ ਆਪਣੇ ਬੱਚੇ ਸਕੂਲ ਬੱਸ ਵਿੱਚ ਭੇਜਣ ’ਤੇ ਸਹਿਮਤੀ ਪ੍ਰਗਟਾਈ ਹੈ ਜਦਕਿ ਬਾਕੀ ਸਕੂਲਾਂ ਵਾਲਿਆਂ ਨੂੰ ਮਾਪਿਆਂ ਨੇ ਕਿਹਾ ਹੈ ਕਿ ਉਹ ਹਾਲੇ ਆਪਣੇ ਬੱਚਿਆਂ ਨੂੰ ਆਪ ਹੀ ਸਕੂਲ ਛੱਡਣ ਦਾ ਪ੍ਰਬੰਧ ਕਰਨਗੇ। ਦੂਜੇ ਪਾਸੇ ਟ੍ਰਾਈਸਿਟੀ ਵਿੱਚ ਸਕੂਲ ਬੱਸਾਂ ਚਲਾਉਂਦੇ ਟਰਾਂਸਪੋਰਟਰਾਂ ਦੀ ਸਕੂਲ ਬੰਦ ਹੋਣ ਕਾਰਨ ਆਮਦਨੀ 16 ਮਹੀਨਿਆਂ ਤੋਂ ਬੰਦ ਹੈ ਪਰ ਉਨ੍ਹਾਂ ਨੂੰ ਰੋਡ ਟੈਕਸ ਤੇ ਹੋਰ ਖਰਚੇ ਪਹਿਲਾਂ ਵਾਂਗ ਤਾਰਨੇ ਪੈ ਰਹੇ ਹਨ। ਚੰਡੀਗੜ੍ਹ ਸਕੂਲ ਬੱਸ ਅਪਰੇਟਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਅੱਜ ਹੰਗਾਮੀ ਮੀਟਿੰਗ ਕੀਤੀ ਤੇ ਅਗਲੇ ਹਫ਼ਤੇ ਤੋਂ ਸਕੂਲ ਪ੍ਰਬੰਧਕਾਂ ਨੂੰ ਮਿਲਣ ਦਾ ਫੈਸਲਾ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਬੱਸ ਅਪਰੇਟਰਾਂ ਦੀ ਆਮਦਨ ਦਾ ਇੱਕੋ ਇੱਕ ਸਾਧਨ ਸਕੂਲ ਬੱਸਾਂ ਦੀ ਮਹੀਨਾ ਫੀਸ ਹੈ ਜੋ ਲੰਬੇ ਸਮੇਂ ਤੋਂ ਮਿਲ ਨਹੀਂ ਰਹੀ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਤੇ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਰਾਹਤ ਪੈਕੇਜ ਐਲਾਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਸਕੂਲਾਂ ਨੇ ਪੁਰਾਣੇ ਰੂਟਾਂ ’ਤੇ ਬੱਸਾਂ ਚਲਾਉਣ ਲਈ ਕਿਹਾ ਹੈ ਪਰ ਬੱਚੇ ਘੱਟ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਰੂਟ ਲਾਉਣੇ ਪੈਣਗੇ ਪਰ ਉਹ ਸੀਮਤ ਗਿਣਤੀ ਵਿੱਚ ਬੱਚਿਆਂ ਨਾਲ ਬੱਸਾਂ ਚਲਾਉਣ ਤੋਂ ਅਸਮਰੱਥ ਹਨ। ਦਿੱਲੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੀਮਾ ਦੀਵਾਨ ਨੇ ਦੱਸਿਆ ਕਿ ਮਾਪਿਆਂ ਨੇ ਬੱਚੇ ਆਪ ਹੀ ਸਕੂਲ ਛੱਡਣ ਲਈ ਸਹਿਮਤੀ ਦਿੱਤੀ ਹੈ। ਬੱਸ ਅਪਰੇਟਰਾਂ ਨੇ ਕਿਹਾ ਕਿ ਟ੍ਰਾਈਸਿਟੀ ਵਿੱਚ ਚੱਲਦੀਆਂ ਸਕੂਲ ਬੱਸਾਂ ਨੂੰ ਜ਼ੀਰਕਪੁਰ, ਡੇਰਾਬਸੀ, ਖਰੜ ਤੇ ਮੁੱਲਾਂਪੁਰ ਤੱਕ ਜਾਣ ਦੀ ਇਜਾਜ਼ਤ ਦੀ ਮਿਆਦ ਵਧਾਈ ਜਾਵੇ। ਇਸ ਸਬੰਧੀ ਚੰਡੀਗੜ੍ਹ ਦੇ ਟਰਾਂਸਪੋਰਟ ਸਕੱਤਰ ਨੇ ਜ਼ਬਾਨੀ ਹਾਮੀ ਭਰੀ ਸੀ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ। ਸਕੂਲ ਬੱਸਾਂ ਦੀ ਭਾਵੇਂ ਸ਼੍ਰੇਣੀ ਕਮਰਸ਼ੀਅਲ ਵਾਹਨ ਦੀ ਹੈ ਪਰ ਹਰ ਰਾਜ ਦਾ ਵੱਖਰਾ ਟੈਕਸ ਜਮ੍ਹਾਂ ਕਰਵਾਉਣ ਨਾਲ ਦੋਹਰੀ ਮਾਰ ਪਵੇਗੀ। ਉਨ੍ਹਾਂ ਸਲਾਹਕਾਰ ਤੋਂ ਮੰਗ ਕੀਤੀ ਕਿ ਮਾਰਚ 20 ਤੋਂ ਮਾਰਚ 22 ਤੱਕ ਦਾ ਰੋਡ ਟੈਕਸ ਨਾ ਲਿਆ ਜਾਵੇ, ਸਕੂਲ ਬੱਸਾਂ ਦੀ ਮਿਆਦ 15 ਸਾਲ ਦੀ ਥਾਂ 20 ਸਾਲ ਤੱਕ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਰਾਹਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਬੱਸਾਂ ਵੇਚਣ ਲਈ ਮਜਬੂਰ ਹੋਣਾ ਪਵੇਗਾ। ਚੰਡੀਗੜ੍ਹ ਸਕੂਲ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸੈਣੀ, ਜਨਰਲ ਸਕੱਤਰ ਜੀਵਨ ਰਤਨ ਸ਼ਰਮਾ, ਸਕੱਤਰ ਸਤਿੰਦਰ ਵੀਰ ਸਿੰਘ, ਖਜ਼ਾਨਚੀ ਲਖਵੀਰ ਸਿੰਘ, ਅਮਰੀਕ ਸਿੰਘ, ਮਨਮੋਹਨ ਸਿੰਘ,ਰਾਜਿੰਦਰ ਸਿੰਘ ਤੇ ਰਾਜਿੰਦਰ ਸਕੇਤੜੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਕੂਲ ਬੱਸਾਂ ਵਿਚ ਬੱਚਿਆਂ ਨੂੰ ਭੇਜਣ ਤੇ ਬੱਸਾਂ ਵਿੱਚ ਕਰੋਨਾ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਬੱਸਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੱਸਾਂ ਨੂੰ ਸੜਕ ’ਤੇ ਲਿਆਉਣ ’ਤੇ ਹੀ ਪ੍ਰਤੀ ਬੱਸ 75 ਹਜ਼ਾਰ ਰੁਪਏ ਖਰਚ ਕਰਨਗੇ ਪੈਣਗੇ ਜਿਨ੍ਹਾਂ ਵਿੱਚ ਇੰਸ਼ੋਰੈਂਸ, ਬੈਟਰੀ ਤੇ ਹੋਰ ਮੁਰੰਮਤ ਖਰਚੇ ਹਨ। ਇਸ ਤੋਂ ਇਲਾਵਾ ਪ੍ਰਤੀ ਮਹੀਨਾ ਵੱਖਰੇ 70 ਹਜ਼ਾਰ ਰੁਪਏ ਅਦਾ ਕਰਨੇ ਪੈਣਗੇ।