ਕਰੀਨਾ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਖਿਲਾਫ ਸ਼ਿਕਾਇਤ ਦਰਜ

ਫ਼ੈਕ੍ਟ ਸਮਾਚਾਰ ਸੇਵਾ
ਮੁੰਬਈ ਜੁਲਾਈ 15
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਹਾਲ ਹੀ ’ਚ ਕਰੀਨਾ ਇਕ ਮੁਸੀਬਤ ’ਚ ਘਿਰਦੀ ਨਜ਼ਰ ਆ ਰਹੀ ਹੈ। ਕਰੀਨਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਸਲ ’ਚ ਕੁਝ ਦਿਨ ਪਹਿਲਾਂ ਕਰੀਨਾ ਕਪੂਰ ਨੇ ਆਪਣੀ ਗਰਭ ਅਵਸਥਾ ਦੇ ਤਜਰਬਿਆਂ ਬਾਰੇ ਦੱਸਣ ਲਈ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਲਾਂਚ ਕੀਤੀ ਸੀ, ਜਿਸ ਕਰਕੇ ਇਕ ਭਾਈਚਾਰੇ ’ਚ ਗੁੱਸਾ ਦਿਖਾਈ ਦੇ ਰਿਹਾ ਹੈ। ਪੁਲਸ ਅਧਿਕਾਰੀਆਂ ਦੇ ਹਵਾਲੇ ਨਾਲ ਪੀ. ਟੀ. ਆਈ. ਦੀ ਇਕ ਰਿਪੋਰਟ ਮੁਤਾਬਕ ਮਾਮਲਾ ਮਹਾਰਾਸ਼ਟਰ ਦੇ ਬੀਡ ਖ਼ੇਤਰ ਦਾ ਹੈ। ਅਲਫ਼ਾ ਓਮੇਗਾ ਕ੍ਰਿਸ਼ਚਨ ਫੈੱਡਰੇਸ਼ਨ ਦੇ ਪ੍ਰਧਾਨ ਅਸ਼ੀਸ਼ ਸ਼ਿੰਦੇ ਵਲੋਂ ਕਰੀਨਾ ਤੇ ਦੋ ਹੋਰਨਾਂ ਖ਼ਿਲਾਫ਼ ਬੀਡ ਦੇ ਸ਼ਿਵਾਜੀ ਨਗਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿੰਦੇ ਦਾ ਕਹਿਣਾ ਹੈ ਕਿ ਪਵਿੱਤਰ ਨਾਂ ‘ਬਾਈਬਲ’ ਕਿਤਾਬ ਦੇ ਸਿਰਲੇਖ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ਿੰਦੇ ਨੇ ਆਈ. ਪੀ. ਸੀ. ਦੀ ਧਾਰਾ 295-ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਥਾਣਾ ਇੰਚਾਰਜ ਸਾਇਨਾਥ ਥੋਂਬਰੇ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਰਿਪੋਰਟ ਦਾਇਰ ਨਹੀਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਇਥੇ ਨਹੀਂ ਵਾਪਰੀ ਹੈ, ਇਸ ਲਈ ਇਥੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਮੈਂ ਉਸ ਨੂੰ ਮੁੰਬਈ ’ਚ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ। ਦੱਸ ਦੇਈਏ ਕਿ ਕਰੀਨਾ ਕਪੂਰ ਖ਼ਾਨ ਦੀ ਇਹ ਕਿਤਾਬ ਹਾਲ ਹੀ ’ਚ ਲਾਂਚ ਕੀਤੀ ਗਈ ਹੈ। ਇਸ ਕਿਤਾਬ ’ਚ ਕਰੀਨਾ ਨੇ ਆਪਣੀ ਗਰਭ ਅਵਸਥਾ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ ਹਨ। ਕਰੀਨਾ ਕਪੂਰ ਖ਼ਾਨ ਦੀ ਕਿਤਾਬ ਦਾ ਸਿਰਲੇਖ ‘ਪ੍ਰੈਗਨੈਂਸੀ ਬਾਈਬਲ’ ਹੈ। ਕਰੀਨਾ ਨੇ ਅਦਿਤੀ ਸ਼ਾਹ ਭੀਮਜਾਨੀ ਨਾਲ ਕਿਤਾਬ ਦੀ ਸਹਿ-ਲੇਖਣੀ ਕੀਤੀ ਹੈ। ਇਹ ਜੁਗਨਰੌਟ ਬੁੱਕਸ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

More from this section