ਓਲੰਪਿਕ ’ਤੇ ਕਰੋਨਾ ਦਾ ਪ੍ਰਛਾਵਾਂ, ਟੋਕੀਓ ’ਚ 1832 ਨਵੇਂ ਕੇਸ

ਫ਼ੈਕ੍ਟ ਸਮਾਚਾਰ ਸੇਵਾ
ਟੋਕੀਓ, ਜੁਲਾਈ 22
ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਮੇਜ਼ਬਾਨ ਸ਼ਹਿਰ ਵਿੱਚ ਅੱਜ ਕਰੋਨਾ ਵਾਇਰਸ ਦੀ ਲਾਗ ਦੇ 1832 ਨਵੇਂ ਕੇਸ ਦਰਜ ਕੀਤੇ ਗਏ ਹਨ, ਜੋ ਪਿਛਲੇ 6 ਮਹੀਨਿਆਂ ’ਚ ਸਭ ਤੋਂ ਵੱਡਾ ਅੰਕੜਾ ਹੈ। ਟੋਕੀਓ ਵਿੱਚ ਹਾਲ ਦੀ ਘੜੀ ਐਮਰਜੈਂਸੀ ਲਾਗੂ ਹੈ, ਜੋ 22 ਅਗਸਤ ਤੱਕ ਜਾਰੀ ਰਹੇਗੀ। ਕਰੋਨਾ ਮਹਾਮਾਰੀ ਸ਼ੁਰੂ ਹੋਣ ਮਗਰੋਂ ਇਹ ਸ਼ਹਿਰ ਵਿੱਚ ਚੌਥੀ ਐਮਰਜੈਂਸੀ ਹੈ। ਟੋਕੀਓ ਦੇ ਸਾਰੇ ਖੇਡ ਸਟੇਡੀਅਮਾਂ ਵਿੱਚ ਪ੍ਰਸ਼ੰਸਕਾਂ ਦੇ ਦਾਖ਼ਲ ਹੋਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਜਾਪਾਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਤੋਸ਼ੀਓ ਨਾਕਾਗਾਵਾ ਦਾ ਮੰਨਣਾ ਹੈ ਕਿ ਓਲੰਪਿਕ ਖੇਡਾਂ ਨਾ ਵੀ ਹੁੰਦੀਆਂ ਤਾਂ ਕਰੋਨਾ ਦੀ ਲਾਗ ਦੇ ਕੇਸ ਵਧਣੇ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਉਮਰ ਦੇ ਲੋਕਾਂ ਦਾ ਟੀਕਾਕਰਨ ਨਾ ਹੋਣ ਕਰਕੇ ਵਾਇਰਸ ਦੀ ਲਾਗ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਜਾਪਾਨ ਵਿੱਚ ਅਜੇ ਤੱਕ 23 ਫੀਸਦ ਲੋਕਾਂ ਦਾ ਹੀ ਮੁਕੰਮਲ ਟੀਕਾਕਰਨ ਹੋਇਆ ਹੈ, ਪਰ ਟੀਕੇ ਦੀ ਸਪਲਾਈ ਘਟਣ ਕਰਕੇ ਇਸ ਮੁਹਿੰਮ ਨੂੰ ਸੱਟ ਵੱਜੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਲੰਘੇ ਦਿਨ ਆਈਓਸੀ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਕਿਹਾ ਸੀ ਕਿ ਕੁੱਲ ਆਲਮ ਵੱਡੀਆਂ ਸਮੱਸਿਆਵਾਂ ਨਾਲ ਘਿਰਿਆ ਹੈ, ਅਜਿਹੇ ਵਿੱਚ ਜਾਪਾਨ ਨੇ ਓਲੰਪਿਕ ਦੀ ਸਫ਼ਲ ਮੇਜ਼ਬਾਨੀ ਕਰਨੀ ਹੈ। -ਪੀਟੀਆਈ ਟੋਕੀਓ: ਓਲੰਪਿਕ ਦੇ ਉਦਘਾਟਨੀ ਸਮਾਗਮ ਤੋਂ ਦੋ ਦਿਨ ਪਹਿਲਾਂ ਵੱਖ ਵੱਖ ਦੇਸ਼ਾਂ ਦੇ ਤਿੰਨ ਖਿਡਾਰੀ ਕੋਵਿਡ-19 ਦੀ ਲਾਗ ਕਰਕੇ ਟੋਕੀਓ ਖੇਡਾਂ ’ਚੋਂ ਬਾਹਰ ਹੋ ਗਏ ਹਨ। ਚਿਲੀ ਦੀ ਤਾਇਕਵਾਂਡੋ ਖਿਡਾਰਨ ਫਰਨਾਂਡਾ ਐਗਵਾਇਰ, ਨੀਦਰਲੈਂਡ ਦੀ ਸਕੇਟਬੋਰਡ ਖਿਡਾਰਨ ਕੈਂਡੀ ਜੈਕਬਸ ਤੇ ਚੈੱਕ ਗਣਰਾਜ ਦਾ ਟੇਬਲ ਟੈਨਿਸ ਖਿਡਾਰੀ ਪਾਵੇਲ ਸਿਰੁਸੇਕ ਕੋਵਿਡ-19 ਲਈ ਪਾਜ਼ੇਟਿਵ ਨਿਕਲਣ ਮਗਰੋਂ ਓਲੰਪਿਕ ਵਿੱਚੋਂ ਬਾਹਰ ਹੋ ਗਏ ਹਨ। ਫਰਨਾਂਡਾ ਇਥੇ ਹਵਾਈ ਅੱਡੇ ’ਤੇ ਪੁੱਜਣ ’ਤੇ ਕੀਤੇ ਟੈਸਟ ਦੌਰਾਨ ਪਾਜ਼ੇਟਿਵ ਪਾਈ ਗਈ ਜਦਕਿ ਕੈਂਡੀ ਤੇ ਪਾਵੇਲ ਦੇ ਨਤੀਜੇ ਦਾ ਖੁਲਾਸਾ ਖੇਡ ਪਿੰਡ ਜਾ ਕੇ ਹੋਇਆ। ਇਨ੍ਹਾਂ ਸੱਜਰੇ ਕੇਸਾਂ ਨਾਲ ਓਲੰਪਿਕ ਖੇਡ ਪਿੰਡ ਵਿੱਚ ਕਰੋਨਾ ਦੀ ਮਾਰ ਹੇਠ ਆਉਣ ਵਾਲੇ ਖਿਡਾਰੀਆਂ ਦੀ ਗਿਣਤੀ ਸੱਤ ਹੋ ਗਈ ਹੈ। ਬੁੱਧਵਾਰ ਨੂੰ ਅੱਠ ਨਵੇਂ ਕੇਸਾਂ ਨਾਲ ਖੇਡਾਂ ਨਾਲ ਜੁੜੇ ਕੋਵਿਡ ਕੇਸਾਂ ਦੀ ਗਿਣਤੀ 75 ਨੂੰ ਅੱਪੜ ਗਈ ਹੈ।

More from this section