ਪੰਜਾਬ

ਐਸ. ਐਸ. ਪੀ ਦੀ ਮੌਜੂਦਗੀ ਵਿਚ ਜ਼ਿਲਾ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ੇ ਕੀਤੇ ਨਸ਼ਟ

ਫ਼ੈਕ੍ਟ ਸਮਾਚਾਰ ਸੇਵਾ
ਨਵਾਂਸ਼ਹਿਰ, ਅਕਤੂਬਰ 01

ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਜ਼ਿਲੇ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੀ ਵਚਨਬੱਧਤਾ ਦੁਹਰਾਉਂਦਿਆਂ ਅੱਜ ਭਾਰੀ ਮਾਤਰਾ ਵਿਚ ਨਸ਼ੇ ਨਸ਼ਟ ਕੀਤੇ। ਨਸ਼ਿਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਸੱਨ ਫਾਰਮਾਸੂਟੀਕਲਜ਼ ਇੰਡਸਟਰੀਜ਼ ਲਿਮਟਿਡ, ਟੌਂਸਾ ਵਿਖੇ ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ ਅਤੇ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕੀਤੀ ਗਈ। ਜ਼ਿਲੇ ਵਿਚ ਦਰਜ ਹੋਏ 67 ਕੇਸਾਂ ਵਿਚ ਬਰਾਮਦ ਕੀਤੇ ਗਏ ਇਨਾਂ ਨਸ਼ਟ ਕੀਤੇ ਗਏ ਨਸ਼ਿਆਂ ਵਿਚ 169 ਕਿਲੋ 120 ਗ੍ਰਾਮ ਚੂਰਾ ਪੋਸਤ, 7199 ਗੋਲੀਆਂ, 440 ਕੈਪਸੂਲ, 280 ਗ੍ਰਾਮ ਨਸ਼ੀਲਾ ਪਾਊਡਰ, 293 ਗ੍ਰਾਮ ਹੈਰੋਇਨ, 3 ਕਿਲੋ 221 ਗ੍ਰਾਮ ਸਮੈਕ, 160 ਗ੍ਰਾਮ ਚਰਸ, 2371 ਇੰਜੈਕਸ਼ਨ, 50 ਸਰਿੰਜਾਂ ਅਤੇ 20 ਕਿਲੋ 680 ਗ੍ਰਾਮ ਗਾਂਜਾ ਸ਼ਾਮਿਲ ਸੀ। ਜ਼ਿਕਰਯੋਗ ਹੈ ਕਿ ਸਾਲ 2021-22 ਦੌਰਾਨ ਜ਼ਿਲਾ ਪੁਲਿਸ ਵੱਲੋਂ ਵੱਖ-ਵੱਖ ਪੁਲਿਸ ਥਾਣਿਆਂ ਵਿਚ ਨਸ਼ਿਆਂ ਦੀ ਬਰਾਮਦਗੀ ਦੇ 187 ਕੇਸ ਦਰਜ ਕੀਤੇ ਗਏ ਹਨ, ਜਿਸ ਦੌਰਾਨ 6279 ਕਿਲੋ 790 ਗ੍ਰਾਮ ਚੂਰਾ ਪੋਸਤ, 52205 ਗੋਲੀਆਂ, 4672 ਕੈਪਸੂਲ, 468 ਗ੍ਰਾਮ ਨਸ਼ੀਲਾ ਪਾਊਡਰ, 3 ਕਿਲੋ 416 ਗ੍ਰਾਮ ਹੈਰੋਇਨ, 4 ਕਿਲੋ 898 ਗ੍ਰਾਮ ਚਰਸ, 3 ਕਿਲੋ 221 ਗ੍ਰਾਮ ਸਮੈਕ, 21 ਕਿਲੋ 180 ਗ੍ਰਾਮ ਗਾਂਜਾ ਅਤੇ 10045 ਇੰਜੈਕਸ਼ਨ ਬਰਾਮਦ ਕੀਤੇ ਗਏ ਹਨ। ਜ਼ਿਲਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਜ਼ਿਲੇ ਵਿਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਲਈ ਜੀਅ-ਤੋੜ ਉਪਰਾਲੇ ਜਾਰੀ ਰਹਿਣਗੇ।