ਦੇਸ਼

ਉੱਤਰ ਪ੍ਰਦੇਸ਼ ਵਿਚ ਵੀ ਮੰਤਰੀ ਮੰਡਲ ਵਿਚ ਵਾਧਾ ਹੋਣ ਦੀ ਚਰਚਾ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ,ਜੂਨ 12
ਕੇਂਦਰੀ ਮੰਡਲ ਵਿਚ ਵਾਧੇ ਅਤੇ ਫੇਰਬਦਲ ਦੀਆਂ ਅਟਕਲਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਮੁਖੀ ਜੇ. ਪੀ. ਨੱਢਾ ਨਾਲ ਵਿਚਾਰ-ਵਟਾਂਦਰਾ ਕੀਤਾ। 2019 ਵਿਚ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਪਿੱਛੋਂ ਮੋਦੀ ਨੇ ਹੁਣ ਤੱਕ ਆਪਣੇ ਮੰਤਰੀ ਮੰਡਲ ਵਿਚ ਕੋਈ ਵਾਧਾ ਨਹੀਂ ਕੀਤਾ ਹੈ। ਉੱਤਰ ਪ੍ਰਦੇਸ਼ ਵਿਚ ਵੀ ਮੰਤਰੀ ਮੰਡਲ ਵਿਚ ਵਾਧਾ ਹੋਣ ਦੀ ਚਰਚਾ ਹੈ। ਸੂਤਰਾਂ ਮੁਤਾਬਕ ਮੋਦੀ ਵੱਖ-ਵੱਖ ਗਰੁੱਪਾਂ ਵਿਚ ਕੇਂਦਰੀ ਮੰਤਰੀ ਮੰਡਲ ਦੇ ਆਪਣੇ ਸਹਿਯੋਗੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ। ਇਨ੍ਹਾਂ ਮੁਲਾਕਾਤਾਂ ਦੌਰਾਨ ਨੱਢਾ ਵੀ ਮੌਜੂਦ ਰਹੇ। ਭਾਜਪਾ ਦੇ ਚੋਟੀ ਦੇ ਆਗੂਆਂ ਦਰਮਿਆਨ ਇਹ ਕਵਾਇਦ ਸ਼ਾਹ ਦੀ ਉੱਤਰ ਪ੍ਰਦੇਸ਼ ਦੀਆਂ ਖੇਤਰੀ ਪਾਰਟੀਆਂ ਅਪਨਾ ਦਲ (ਐੱਸ) ਦੀ ਅਨੁਪ੍ਰਿਯਾ ਪਟੇਲ ਅਤੇ ਨਿਸ਼ਾਦ ਪਾਰਟੀ ਦੇ ਸੰਜੇ ਕੁਮਾਰ ਅਤੇ ਪ੍ਰਵੀਨ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਸ਼ੁਰੂ ਹੋਈ ਹੈ। ਮੁਲਾਕਾਤਾਂ ਅਤੇ ਚਰਚਿਆਂ ਦੀ ਇਸ ਕਵਾਇਦ ਸਬੰਧੀ ਭਾਜਪਾ ਵੱਲੋਂ ਅਜੇ ਤੱਕ ਕੁਝ ਵੀ ਨਹੀਂ ਕਿਹਾ ਗਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਨੱਢਾ ਨੇ ਕੋਵਿਡ-19 ਦੀ ਦੂਜੀ ਲਹਿਰ ਕਾਰਨ ਪੈਦਾ ਹੋਏ ਹਾਲਾਤ ਅਤੇ ਹੁਣੇ ਜਿਹੇ ਸੰਪੰਨ ਹੋਈਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੌਰਾਨ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਜਨਰਲ ਸਕੱਤਰਾਂ ਅਤੇ ਵੱਖ-ਵੱਖ ਮੋਰਚਿਆਂ ਦੇ ਮੁਖੀਆਂ ਨਾਲ 2 ਦਿਨ ਤੱਕ ਮੰਥਨ ਕੀਤਾ। ਉਸ ਪਿੱਛੋਂ ਸਭ ਆਗੂਆਂ ਨਾਲ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਅਗਲੇ ਸਾਲ ਦੇ ਸ਼ੁਰੂ ਵਿਚ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਸਮੇਤ 5 ਸੂਬਿਆਂ ਵਿਚ ਅਸੈਂਬਲੀ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਪਾਰਟੀ ਦੇ ਵਧੀਆ ਪ੍ਰਦਰਸ਼ਨ ਨੂੰ ਲੈ ਕੇ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਜੁੱਟ ਗਈ ਹੈ।