ਦੇਸ਼-ਦੁਨੀਆ

ਇਸ ਵਾਰ ਤੈਅ ਸਮੇਂ ਤੋਂ 12 ਦਿਨ ਪਹਿਲਾਂ ਰਾਜਧਾਨੀ ਦਿੱਲੀ ਪੁਜੇਗਾ ਮੌਨਸੂਨ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 13

ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਇਸ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਆ ਰਿਹਾ ਹੈ। ਪਟਨਾ ਵਿਚ ਇਸ ਨੇ ਦਸਤਕ ਦੇ ਦਿੱਤੀ ਹੈ ਜਦਕਿ ਕੌਮੀ ਰਾਜਧਾਨੀ ਦਿੱਲੀ ਵਿਚ ਇਹ 12 ਦਿਨ ਪਹਿਲਾਂ 15 ਜੂਨ ਨੂੰ ਪੁੱਜ ਜਾਵੇਗਾ। ਮੌਸਮ ਵਿਭਾਗ ਅਨੁਸਾਰ ਪਹਿਲਾਂ ਇਸ ਦੇ 27 ਜੂਨ ਨੂੰ ਦਿੱਲੀ ਪੁੱਜਣ ਦੀ ਸੰਭਾਵਨਾ ਸੀ ਪਰ ਹੁਣ ਮੌਨਸੂਨ ਦੇ ਬੱਦਲ 15 ਜੂਨ ਨੂੰ ਹੀ ਦਿੱਲੀ ਪੁੱਜ ਜਾਣਗੇ। ਇਸ ਤੋਂ ਪਹਿਲਾਂ 2008 ਤੇ 2013 ਵਿਚ ਵੀ ਮੌਨਸੂਨ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਸੀ। ਮੌਸਮ ਵਿਗਿਆਨੀ ਮੌਨਸੂਨ ਦੇ ਇਸ ਬਦਲੇ ਮਿਜ਼ਾਜ ਦਾ ਕਾਰਨ ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਵਾਲਾ ਖੇਤਰ ਬਣਨਾ ਮੰਨ ਰਹੇ ਹਨ। ਇਸ ਕਾਰਨ ਦੱਖਣੀ ਪੱਛਮੀ ਪੰਜਾਬ ਵੱਲੋਂ ਟਰੱਫ ਲਾਈਨ (ਜ਼ਮੀਨ ‘ਤੇ ਬਣਿਆ ਘੱਟ ਦਬਾਅ ਦਾ ਖੇਤਰ ਜੋ ਇਕ ਰੇਖਾ ਵਿਚ ਦੂਰ ਤਕ ਫੈਲਿਆ ਹੋਵੇ) ਕੇਂਦਰ ਵਿਚਕਾਰ ਪੁੱਜੇਗੀ। ਨਾਲ ਹੀ ਦੱਖਣ-ਪੱਛਮੀ ਮੌਨਸੂਨ ਪੌਣਾਂ ਦਾ ਰੁਖ਼ ਵੀ ਪੱਛਮੀ ਤੱਟੀ ਇਲਾਕਿਆਂ ਤੋਂ ਹੁੰਦਾ ਹੋਇਆ ਵਧੇਗਾ। ਅਜਿਹੇ ਵਿਚ ਇਸ ਮਾਕੂਲ ਸਥਿਤੀ ਕਾਰਨ ਦੱਖਣ-ਪੱਛਮੀ ਮੌਨਸੂਨ ਦਾ ਅਸਰ ਰਾਜਸਥਾਨ ਤੇ ਕੱਛ ਦੇ ਬਾਹਰਲੀ ਇਲਾਕਿਆਂ ਵਿਚ ਵੀ ਪੰਜ ਤੋਂ ਛੇ ਦਿਨਾਂ ਅੰਦਰ ਦੇਖਣ ਨੂੰ ਮਿਲ ਸਕਦਾ ਹੈ। ਓਡੀਸ਼ਾ, ਝਾਰਖੰਡ ਤੇ ਉੱਤਰੀ ਛੱਤੀਸਗੜ੍ਹ ਦੇ ਇਲਾਕਿਆਂ ਵਿਚ ਇਸ ਦਾ ਅਸਰ ਦਿਸੇਗਾ।

2013 ਵਿਚ 16 ਜੂਨ ਤਕ ਪੂਰੇ ਦੇਸ਼ ਵਿਚ ਮੌਨਸੂਨ ਪੁੱਜ ਚੁੱਕਾ ਸੀ। ਪਿਛਲੇ ਸਾਲ ਅਨੁਮਾਨਿਤ ਤਰੀਕ ਅੱਠ ਜੁਲਾਈ ਤੋਂ ਪਹਿਲਾਂ 29 ਜੂਨ ਤਕ ਮੌਨਸੂਨੀ ਪੌਣਾਂ ਨੇ ਦਸਤਕ ਦੇ ਦਿੱਤੀ ਸੀ।

ਬਿਹਾਰ ਤੋਂ ਇਲਾਵਾ ਦਿੱਲੀ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਬਾਰਿਸ਼ ਸ਼ੁਰੂ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ, ਹਮੀਰਪੁਰ, ਬਿਲਾਸਪੁਰ, ਸੋਲਨ ਤੇ ਕਾਂਗੜਾ ਵਿਚ ਸ਼ੁੱਕਰਵਾਰ ਰਾਤ ਤੋਂ ਹੀ ਤੇਜ਼ ਹਵਾਵਾਂ ਨਾਲ ਬਾਰਿਸ਼ ਸ਼ੁਰੂ ਹੋ ਗਈ। ਕਈ ਦਿਨਾਂ ਤੋਂ ਜ਼ਬਰਦਸਤ ਗਰਮੀ ਤੋਂ ਪਰੇਸ਼ਾਨ ਜੰਮੂ-ਕਸ਼ਮੀਰ ਵਿਚ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਤੇ ਗੜੇਮਾਰੀ ਕਾਰਨ ਤਾਪਮਾਨ ਵਿਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਜ਼ਬਰਦਸਤ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।