ਪੰਜਾਬ

ਇਕ ਘੰਟੇ ’ਚ ਕੋਵੈਕਸੀਨ ਦੀਆਂ 1000 ਖੁਰਾਕਾਂ ਬੁੱਕ

ਫ਼ੈਕ੍ਟ ਸਮਾਚਾਰ ਸੇਵਾ
ਜਲੰਧਰ  ਮਈ 31
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਵਿੱਚ ਲੋਕਾਂ ਨੂੰ ਵਾਜਬ ਮੁੱਲ ’ਤੇ ਕੋਵਿਡ ਵੈਕਸੀਨ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਨੂੰ ਵੱਡਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਆਨਲਾਈਨ ਬੁਕਿੰਗ ਸ਼ੁਰੂ ਹੁੰਦਿਆਂ ਹੀ ਇਕ ਘੰਟੇ ਦੇ ਵਿੱਚ 1000 ਵੈਕਸੀਨ ਦੇ ਸਲਾਟ ਬੁੱਕ ਹੋ ਗਏ।
ਆਪਣੀ ਕਿਸਮ ਦੇ ਨਿਵੇਕਲੇ ਪ੍ਰੋਜੈਕਟ ਨੁੂੰ ਭਰਵਾਂ ਹੁੰਗਾਰਾ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਮਵਾਰ ਤੋਂ ਇਸ ਵਿੱਚ ਹੋਰ 5000 ਨਵੀਆਂ ਖੁਰਾਕਾਂ ਦੇ ਸਲਾਟ ਨੂੰ ਜੋੜਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਕੋਵੈਕਸੀਨ ਦੀਆਂ ਖ਼ੁਰਾਕਾਂ ਦੇ ਨਵੇਂ ਸਲਾਟ  ਨੂੰ ਜ਼ਿਲ੍ਹਾ ਰਾਹਤ ਸੁਸਾਇਟੀ ਵਲੋਂ ਖਰੀਦ ਕੀਤਾ ਜਾਵੇਗਾ।   ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਪਾਈਲਟ ਪ੍ਰੋਜੈਕਟ ਤਹਿਤ ਕੋਈ ਵੀ ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ ਆਨਲਾਈਨ ਲਿੰਕ ’ਤੇ 500 ਰੁਪਏ ਪਲੱਸ ਟੈਕਸ ਦੇ ਵਾਜਬ ਮੁੱਲ ’ਤੇ ਬੁੱਕ ਕਰ ਸਕਦਾ ਹੈ ਅਤੇ ਇਹੀ ਦਵਾਈ ਨਿੱਜੀ ਹਸਪਤਾਲਾਂ ਤੋਂ ਅੱਧੇ ਤੋਂ ਵੀ ਘੱਟ ਮੁੱਲ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਇਹ ਵੈਕਸੀਨ ਐਚ.ਐਮ.ਵੀ., ਕੇ.ਐਮ.ਵੀ. ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਗਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਕੋਵੈਕਸੀਨ ਦੀਆਂ 1000 ਖ਼ੁਰਾਕਾਂ ਸਟਾਕ ਵਿੱਚ ਰੱਖੀਆਂ ਗਈਆਂ ਸਨ ਅਤੇ ਇਹ ਸਾਰੀਆਂ ਲਿੰਕ ਖੁਲੱਣ ਦੇ ਇਕ ਘੰਟੇ ਦੇ ਵਿੱਚ-ਵਿੱਚ ਬੁੱਕ ਹੋ ਗਈਆਂ ਹਨ।  ਥੋਰੀ ਨੇ ਦੱਸਿਆ ਕਿ ਸਾਰੇ ਨਾਗਰਿਕਾਂ ਲਈ ਆਪਣਾ ਅਧਾਰ ਕਾਰਡ, ਕਨਫਰਮ ਬੁਕਿੰਗ ਸਲਿੱਪ ਅਤੇ ਹੋਰ ਜਰੂਰੀ ਦਸਤਾਵੇਜ਼ ਜਦੋਂ ਉਹ ਵੈਕਸੀਨ ਲਗਵਾਉਣ ਲਈ ਸੈਸ਼ਨ ਸਾਈਟ ’ਤੇ ਆਉਣਗੇ ਨਾਲ ਲਿਆਉਣੇ ਜਰੂਰੀ ਹੋਣਗੇ। ਉਨ੍ਹਾਂ ਕਿਹਾ ਕਿ ਇਕ ਵਾਰ ਰਜਿਸਟਰੇਸ਼ਨ ਹੋਣ ਤੋਂ ਬਾਅਦ ਇਸ ਨੂੰ ਬਦਲਿਆ ਨਹੀਂ ਜਾ ਸਕੇਗਾ।