ਆਸਟ੍ਰੇਲੀਆ ‘ਚ ਜਲੰਧਰ ਦੇ ਪ੍ਰਦੀਪ ਟਿਵਾਨਾ ਭਾਰਤੀ ਮੂਲ ਦੇ ਪਹਿਲੇ ਜੱਜ ਬਣੇ

ਫ਼ੈਕ੍ਟ ਸਮਾਚਾਰ ਸੇਵਾ ਸਿਡਨੀ , ਜੂਨ 24
ਭਾਰਤੀ ਮੂਲ ਦੇ ਪ੍ਰਦੀਪ ਸਿੰਘ ਟਿਵਾਨਾ ਨੇ ਆਸਟ੍ਰੇਲੀਆ ਵਿਚ ਇਤਿਹਾਸ ਰਚ ਦਿੱਤਾ ਹੈ। ਜਲੰਧਰ ਦੇ ਕੋਟ ਕਲਾਂ ਪਿੰਡ ਦੇ ਪ੍ਰਦੀਪ ਸਿੰਘ ਟਿਵਾਨਾ ਆਸਟ੍ਰੇਲੀਆ ਵਿਚ ਜੱਜ ਨਿਯੁਕਤ ਹੋਣ ਵਾਲੇ ਪਹਿਲੇ ਭਾਰਤੀ ਬਣੇ ਹਨ। ਉਹਨਾਂ ਨੂੰ ਆਸਟ੍ਰੇਲੀਆ ਦੇ ਵਿਕਟੋਰੀਆ ਦੀ ਕੰਟਰੀ ਕੋਰਟ ਵਿਚ ਜੱਜ ਨਿਯੁਕਤ ਕੀਤਾ ਗਿਆ ਹੈ। ਪ੍ਰਦੀਪ ਦੀ ਨਿਯੁਕਤੀ ਬਾਰੇ ਪਤਾ ਚੱਲਣ ‘ਤੇ ਉਸ ਦੇ ਜੱਦੀ ਪਿੰਡ ਵਿਚ ਖੁਸ਼ੀਆਂ ਮਨਾਈਆਂ ਗਈਆਂ ਅਤੇ ਘਰ ਪਾਠ ਕਰਾਇਆ ਗਿਆ। ਭਾਵੇਂਕਿ ਪ੍ਰਦੀਪ ਦੇ ਪਰਿਵਾਰ ਦਾ ਕੋਈ ਮੈਂਬਰ ਹੁਣ ਪਿੰਡ ਵਿਚ ਨਹੀਂ ਰਹਿੰਦਾ।

ਬੈਰਿਸਟਰ ਪ੍ਰਦੀਪ ਸਿੰਘ ਟਿਵਾਨਾ (51) ਮੂਲ ਰੂਪ ਨਾਲ ਕੋਟ ਕਲਾਂ ਦੇ ਰਹਿਣ ਵਾਲੇ ਹਨ। ਭਾਵੇਂਕਿ ਉਹਨਾਂ ਦਾ ਜਨਮ ਅਤੇ ਪਾਲਣ ਪੋਸ਼ਣ ਇੰਗਲੈਂਡ ਵਿਚ ਹੋਇਆ ਹੈ। ਉਹਨਾਂ ਨੇ ਲਾਅ ਦੀ ਡਿਗਰੀ ਵੌਲਵਰ ਹੈਂਪਟਨ ਯੂਨੀਵਰਸਿਟੀ ਤੋਂ ਕੀਤੀ। ਇਸ ਮਗਰੋਂ ਲਿੰਕਨ ਇਨ ਬਾਰ ਸਕੂਲ ਤੋਂ ਬੈਰਿਸਟਰ ਦੀ ਡਿਗਰੀ ਲਈ। ਉਹ ਬੈਰਿਸਟਰ ਦੇ ਤੌਰ ‘ਤੇ ਲਾਅ ਦੀ ਡਿਗਰੀ ਲੈਣ ਵਲੇ ਸਭ ਤੋਂ ਨੌਜਵਾਨ ਬਿਨੈਕਾਰ ਰਹੇ।

ਇਸ ਮਗਰੋਂ 23 ਸਾਲ ਦੀ ਉਮਰ ਵਿਚ ਪ੍ਰਦੀਪ ਨੂੰ ਬਾਰ ਸਕੂਲ ਤੋਂ ਦੋ ਸਕਾਲਰਸ਼ਿਪ ਮਿਲੀਆਂ। ਉਹਨਾਂ ਨੇ 2006 ਤੱਕ ਉੱਥੇ ਪ੍ਰੈਕਟਿਸ ਕੀਤੀ। ਫਿਰ ਉਹ ਆਸਟ੍ਰੇਲੀਆ ਚਲੇ ਗਏ। ਉੱਥੇ 3 ਮਹੀਨੇ ਮੈਲਬੌਰਨ ਯੂਨੀਵਰਸਿਟੀ ਤੋਂ ਲਾਅ ਦਾ ਕੋਰਸ ਕਰਨ ਮਗਰੋਂ 2006 ਤੋਂ ਕ੍ਰਿਮੀਨਲ ਲਾਇਰ ਮਤਲਬ ਫੌ਼ਜਦਾਰੀ ਵਕੀਲ ਦੇ ਤੌਰ ‘ਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ।

ਪਿੰਡ ਦੇ ਰਹਿਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਪ੍ਰਦੀਪ ਟਿਵਾਣਾ ਦੇ ਪਿਤਾ ਅਜੀਤ ਸਿੰਘ ਨਾਲ ਉਹਨਾਂ ਦੀ ਕਾਫੀ ਨੇੜਤਾ ਸੀ। ਉਹ 2-3 ਸਾਲਾਂ ਤੋਂ ਅਕਸਰ ਪਿੰਡ ਆਉਂਦੇ ਰਹਿੰਦੇ ਸਨ। ਉਹਨਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਜਲੰਧਰ ਦੇ ਨੌਜਵਾਨ ਨੂੰ ਆਸਟ੍ਰੇਲੀਆ ਵਿਚ ਪਹਿਲੇ ਭਾਰਤੀ ਜੱਜ ਬਣਨ ਦਾ ਮੌਕਾ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਜਲੰਧਰ ਦੀ ਪਲਬਿੰਦਰ ਕੌਰ ਸੇਰਗਿੱਲ 2017 ਵਿਚ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਪਹਿਲੀ ਦਸਤਾਰਧਾਰੀ ਔਰਤ ਜੱਜ ਬਣੀ ਸੀ।

More from this section