ਦੇਸ਼

ਅਰਵਿੰਦ ਕੇਜਰੀਵਾਲ ਵਲੋਂ ਘਰ ਘਰ ਰਾਸ਼ਨ ਯੋਜਨਾ ਤੇ ਰੋਕ ਲਗਾਉਣ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 6
ਕੇਂਦਰ ਵਲੋਂ ਦਿੱਲੀ ਸਰਕਾਰ ਦੀ ‘ਘਰ-ਘਰ ਰਾਸ਼ਨ ਯੋਜਨਾ’ ’ਤੇ ਰੋਕ ਲਗਾਉਣ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ-ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਲਾਗੂ ਕਰਨ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਤਾਂ ਫਿਰ ਦੋ ਦਿਨ ਪਹਿਲਾਂ ਰੋਕ ਕਿਉਂ ਲਗਾ ਦਿੱਤੀ? ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਡੀ ਯੋਜਨਾ ਇਹ ਕਹਿ ਕੇ ਖਾਰਜ ਕਰ ਦਿੱਤੀ ਕਿ ਅਸੀਂ ਕੇਂਦਰ ਤੋਂ ਮਨਜ਼ੂਰੀ ਨਹੀਂ ਲਈ ਸੀ ਪਰ ਅਸੀਂ ਕੇੰਦਰ ਤੋਂ ਇਸ ਯੋਜਨਾ ਲਈ 5 ਵਾਰ ਮਨਜ਼ੂਰੀ ਲਈ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਗਲੇ ਹਫ਼ਤੇ ਤੋਂ ਘਰ-ਘਰ ਰਾਸ਼ਨ ਯੋਜਨਾ ਸ਼ੁਰੂ ਹੋਣੀ ਸੀ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਪਰ ਅਚਾਨਕ ਦੋ ਦਿਨ ਪਹਿਲਾਂ ਕਿਉਂ ਰੋਕ ਲਗਾ ਦਿੱਤੀ? ਉਹਨਾਂ ਕਿਹਾ ਕਿ ਮੈਂ ਬਹੁਤ ਦੁਖੀ ਹਾਂ। ਅੱਜ ਮੇਰੇ ਕੋਲੋਂ ਕੋਈ ਭੁੱਲ ਹੋ ਜਾਵੇ ਤਾਂ ਮੁਆਫ਼ ਕਰ ਦੇਣਾ। ਪ੍ਰਧਾਨ ਮੰਤਰੀ ਸਰ , ਇਸ ਸਕੀਮ ਲਈ ਸੂਬਾ ਸਰਕਾਰ ਸਮਰੱਥ ਹੈ ਅਤੇ ਅਸੀਂ ਕੇਂਦਰ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ। ਅਸੀਂ ਇਸ ਦਾ ਨਾਂ ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ ਰੱਖਿਆ ਸੀ। ਤੁਸੀਂ ਉਦੋਂ ਕਿਹਾ ਕਿ ਯੋਜਨਾ ’ਚ ਮੁੱਖ ਮੰਤਰੀ ਨਾਂ ਨਹੀਂ ਆ ਸਕਦਾ। ਅਸੀਂ ਤੁਹਾਡੀ ਗੱਲ ਮੰਨ ਕੇ ਨਾਂ ਹਟਾ ਦਿੱਤਾ। ਤੁਸੀਂ ਹੁਣ ਸਾਡੀ ਯੋਜਨਾ ਇਹ ਕਹਿੰਦੇ ਹੋਏ ਖਾਰਜ ਕਰ ਦਿੱਤੀ ਕਿ ਅਸੀਂ ਕੇਂਦਰ ਤੋਂ ਮਨਜ਼ੂਰੀ ਨਹੀਂ ਲਈ। ਕੇਂਦਰ ਸਰਕਾਰ ਤੋਂ ਇਸ ਯੋਜਨਾ ਲਈ ਅਸੀਂ 5 ਵਾਰ ਮਨਜ਼ੂਰੀ ਲਈ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ’ਚ ਜੇਕਰ ਸਮਾਰਟਫੋਨ, ਪਿੱਜ਼ਾ ਦੀ ਹੋਮ ਡਿਲਿਵਰੀ ਹੋ ਸਕਦੀ ਹੈ ਤਾਂ ਰਾਸ਼ਨ ਦੀ ਕਿਉਂ ਨਹੀਂ? ਤੁਹਾਨੂੰ ਰਾਸ਼ਨ ਮਾਫੀਆ ਨਾਲ ਕੀ ਹਮਦਰਦੀ ਹੈ ਪ੍ਰਧਾਨ ਮੰਤਰੀ ਸਰ? ਕੇਂਦਰ ਨੇ ਕੋਰਟ ’ਚ ਸਾਡੀ ਯੋਜਨਾ ਖ਼ਿਲਾਫ਼ ਇਤਰਾਜ਼ ਜ਼ਾਹਰ ਨਹੀਂ ਕੀਤਾ ਤਾਂ ਹੁਣ ਖਾਰਜ ਕਿਉਂ ਕੀਤਾ ਜਾ ਰਿਹਾ ਹੈ? ਕਈ ਗਰੀਬ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਲੋਕ ਬਾਹਰ ਨਹੀਂ ਜਾਣਾ ਚਾਹੁੰਦੇ, ਇਸ ਲਈ ਅਸੀਂ ਘਰ-ਘਰ ਰਾਸ਼ਨ ਭੇਜਣਾ ਚਾਹੁੰਦੇ ਹਾਂ। ਓਹਨਾ ਕਿਹਾ ਕਿ ਇਸ ਸਮੇਂ ਦੇਸ਼ ਬਹੁਤ ਭਾਰੀ ਸੰਕਟ ’ਚੋਂ ਗੁਜ਼ਰ ਰਿਹਾ ਹੈ। ਇਹ ਸਮਾਂ ਇਕ-ਦੂਜੇ ਦਾ ਹੱਥ ਫੜ ਕੇ ਮਦਦ ਕਰਨ ਦਾ ਹੈ। ਇਹ ਸਮਾਂ ਇਕ-ਦੂਜੇ ਨਾਲ ਲੜਨ ਦਾ ਨਹੀਂ ਹੈ।