ਅਯੁੱਧਿਆ ‘ਚ ਹੋ ਰਹੇ ਵਿਕਾਸ ਕਾਰਜਾਂ ਦਾ PM ਮੋਦੀ ਵੱਲੋਂ ਜਾਇਜ਼ਾ, ਕੀਤੀ ਸਮੀਖਿਆ ਬੈਠਕ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੂਨ 26

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਅਯੁੱਧਿਆ ਦੇ ਵਿਕਾਸ ਨੂੰ ਲੈ ਕੇ ਬਣਾਏ ਗਏ ਵਿਜ਼ਨ ਡਾਕਿਊਮੈਂਟ ’ਤੇ ਸ਼ਨੀਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸੂਬੇ ਦੇ ਉਪ-ਮੁੱਖ ਮੰਤਰੀਆਂ, ਕੈਬਨਿਟ ਮੰਤਰੀਆਂ ਅਤੇ ਅਫ਼ਸਰਾਂ ਨਾਲ ਸਮੀਖਿਆ ਬੈਠਕ ਹੋਈ। ਪ੍ਰਧਾਨ ਮੰਤਰੀ ਮੋਦੀ ਦਿੱਲੀ ਤੋਂ, ਜਦਕਿ ਹੋਰ ਮੰਤਰੀ ਅਤੇ ਅਧਿਕਾਰੀ ਸੀ.ਐੱਮ. ਯੋਗੀ ਦੇ ਆਵਾਸ ਤੋਂ ਬੈਠਕ ’ਚ ਜੁੜੇ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਬੈਠਕ ’ਚ ਅਯੁੱਧਿਆ ਦੇ ਨਵੇਂ ਮਾਸਟਰ ਪਲਾਨ ’ਤੇ ਵੀ ਚਰਚਾ ਹੋਈ। ਇਸ ਬੈਠਕ ’ਚ ਪੀ.ਐੱਮ. ਮੋਦੀ ਨੇ ਅਯੁੱਧਿਆ ’ਚ ਹੁਣ ਤਕ ਹੋਏ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ।

ਬੈਠਕ ’ਚ ਹਾਊਸਿੰਗ ਡਿਵੈਲਪਮੈਂਟ ਦੇ ਪ੍ਰਮੁੱਖ ਸਕੱਤਰ ਦੁਆਰਾ ਅਯੁੱਧਿਆ ਨੂੰ ਲੈ ਕੇ ਵਿਜ਼ਨ ਡਾਕਿਊਮੈਂਟ ਪੇਸ਼ ਕੀਤਾ ਗਿਆ। ਇਸ ਵਿਚ ਦੱਸਿਆ ਗਿਆ ਕਿ ਹੁਣ ਤਕ ਕਿੰਨੇ ਵਿਕਾਸ ਕੰਮ ਪੂਰੇ ਹੋ ਚੁੱਕੇ ਹਨ ਅਤੇ ਕਿਹੜੇ ਕੰਮਾਂ ’ਤੇ ਭਵਿੱਖ ’ਚ ਕੰਮ ਹੋਣ ਜਾ ਰਹੇ ਹਨ। ਜਾਣਕਾਰੀ ਮੁਤਾਬਕ, ਬੈਠਕ ਦੌਰਾਨ ਅਯੁੱਧਿਆ ਦੇ ਸੁੰਦਰੀਕਰਨ ’ਤੇ ਵੀ ਵਿਸਤਾਰ ਨਾਲ ਗੱਲ ਹੋਈ। ਨਾਲ ਹੀ ਅਯੁੱਧਿਆ ’ਚ ਬਣਨ ਜਾ ਰਹੀ ਭਗਵਾਨ ਰਾਮ ਦੀ ਮੂਰਤੀ ਨੂੰ ਲੈ ਕੇ ਵੀ ਚਰਚਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।

ਜਾਣਕਾਰੀ ਮੁਤਾਬਕ, ਅਯੁੱਧਿਆ ਦੇ ਵਿਕਾਸ ਦਾ ਜੋ ਖਾਕਾ ਤਿਆਰ ਕੀਤਾ ਗਿਆ ਹੈ, ਉਹ ਅਗਲੇ 100 ਸਾਲਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਮੋਦੀ ਨੇ ਅਗਲੇ 30 ਸਾਲ ਦਾ ਪਲਾਨ ਹੀ ਵੇਖਿਆ। ਅਯੁੱਧਿਆ ਲਈ ਡਿਵੈਲਪਮੈਂਟ ਅਥਾਰਿਟੀ ਨੇ 20 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਤਿਆਰ ਕੀਤੇ ਹਨ। ਇਨ੍ਹਾਂ ਹੀ ਪ੍ਰਾਜੈਕਟਾਂ ’ਤੇ ਪੀ.ਐੱਮ. ਮੋਦੀ ਨੇ ਅਫਸਰਾਂ ਨਾਲ ਚਰਚਾ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੀ.ਐੱਮ. ਨੇ ਇਨ੍ਹਾਂ ਪ੍ਰਾਜੈਕਟਾਂ ਦੇ ਡਿਜੀਟਲ ਮਾਡਲ ਨੂੰ ਵੀ ਵੇਖਿਆ।

More from this section