ਵਿਦੇਸ਼

ਅਮਰੀਕਾ ‘ਚ ਹੰਤਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਫ਼ੈਕ੍ਟ ਸਮਾਚਾਰ ਸੇਵਾ ਵਾਸ਼ਿੰਗਟਨ , ਜੂਨ 9
ਅਮਰੀਕਾ ਹਾਲੇ ਕੋਰੋਨਾ ਵਾਇਰਸ ਨੂੰ ਹਰਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਇਸ ਦੌਰਾਨ ਉਸ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਅਮਰੀਕਾ ਦੇ ਮਿਸ਼ੀਗਨ ਵਿਚ ਹੰਤਾ ਵਾਇਰਸ ਦਾ ਪਹਿਲਾ ਮਾਮਲਾ ਰਿਪੋਰਟ ਕੀਤਾ ਗਿਆ ਹੈ। ਇੱਥੇ ਇਕ ਔਰਤ ਵਿਚ ਹੰਤਾ ਵਾਇਰਸ ਦੇ ਲੱਛਣ ਮਿਲੇ, ਜਿਸ ਮਗਰੋਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਸਿਹਤ ਵਿਭਾਗ ਸਾਵਧਾਨ ਹੋ ਗਿਆ ਹੈ। ਸਥਾਨਕ ਸਿਹਤ ਵਿਭਾਗ ਮੁਤਾਬਕ ਔਰਤ ਨੂੰ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਦਾਖਲ ਕੀਤਾ ਗਿਆ। ਮਿਸ਼ੀਗਨ ਰਾਜ ਦੇ ਵਾਸ਼ਟੇਰਨੋ ਕਾਊਂਟੀ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਔਰਤ ਇਕ ਖਾਲੀ ਪਏ ਘਰ ਦੀ ਸਫਾਈ ਕਰ ਰਹੀ ਸੀ ਜੋ ਕਰੀਬ ਦੋ ਸਾਲ ਤੋਂ ਬੰਦ ਸੀ। ਉਸ ਦੌਰਾਨ ਔਰਤ ਉੱਥੇ ਕੁਝ ਚੂਹਿਆਂ ਦੇ ਸੰਪਰਕ ਵਿਚ ਆਈ, ਜਿਸ ਮਗਰੋਂ ਇਹ ਲੱਛਣ ਉਸ ਵਿਚ ਦਿਖਾਈ ਦਿੱਤੇ। ਇਹ ਵਾਇਰਸ ਚੂਹਿਆਂ ਦੇ ਸੰਪਰਕ ਵਿਚ ਆਉਣ, ਚੂਹਿਆਂ ਦੇ ਸਲਾਇਵਾ, ਯੂਰਿਨ ਅਤੇ ਮਲ ਜ਼ਰੀਏ ਗੰਦਗੀ ਵਿਚ ਫੈਲਦਾ ਹੈ ਅਤੇ ਆਪਣੀ ਚਪੇਟ ਵਿਚ ਲੈ ਲੈਂਦਾ ਹੈ। ਜਾਣਕਾਰੀ ਅਨੁਸਾਰ ਅਜਿਹਾ ਪਹਿਲੀ ਵਾਰ ਨਹੀਂ ਜਦੋਂ ਅਮਰੀਕਾ ਵਿਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿਚ ਸਾਲ 1993 ਤੋਂ ਹੰਤਾ ਵਾਇਰਸ ‘ਤੇ ਅਧਿਐਨ ਚੱਲ ਰਿਹਾ ਹੈ। ਕਈ ਵਾਰ ਕੁਝ ਲੋਕ ਇਸ ਦੀ ਚਪੇਟ ਵਿਚ ਆਏ ਹਨ ਪਰ ਹੁਣ ਕੋਰੋਨ ਕਾਲ ਵਿਚ ਅਮਰੀਕਾ ਵਿਚ ਆਇਆ ਇਹ ਪਹਿਲਾ ਮਾਮਲਾ ਹੈ।