ਵਿਦੇਸ਼

ਅਮਰੀਕਾ ਚ ‘ ਤਕਨੀਕੀ ਨੁਕਸ ਕਾਰਨ ਸਮੁੰਦਰ ਵਿੱਚ ਹੋਈ ਕਾਰਗੋ ਜਹਾਜ਼ ਦੀ ਹਾਦਸਾ ਗ੍ਰਸਤ ਲੈਂਡਿੰਗ

ਫ਼ੈਕ੍ਟ ਸਮਾਚਾਰ ਸੇਵਾ ਫਰਿਜ਼ਨੋ , ਜੁਲਾਈ 4

ਅਮਰੀਕਾ ਦੇ ਹਵਾਈ ਨੇੜੇ ਇੱਕ ਕਾਰਗੋ ਜਹਾਜ਼ ਵਿੱਚ ਤਕਨੀਕੀ ਨੁਕਸ ਪੈਣ ਤੋਂ ਬਾਅਦ ਉਸਦੀ ਸਮੁੰਦਰ ਵਿੱਚ ਹਾਦਸਾਗ੍ਰਸਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਵਾਈ ਦੇ ਟਰਾਂਸਪੋਰਟ ਵਿਭਾਗ ਦੇ ਅਨੁਸਾਰ, ਇੱਕ ਕਾਰਗੋ ਹਵਾਈ ਜਹਾਜ਼ ਹਵਾਈ ਦੇ ਓਆਹੁ ਤੱਟ ਨੇੜੇ ਇਸ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਜਹਾਜ਼ ਵਿੱਚ ਸਵਾਰ ਦੋ ਪਾਇਲਟਾਂ ਨੂੰ ਬਚਾ ਲਿਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਟਰਾਂਸ ਏਅਰ ਬੋਇੰਗ 737-200 ਕਾਰਗੋ ਜਹਾਜ਼ ਹੋਨੋਲੂਲੂ ਤੋਂ ਮਾਉਈ ਜਾ ਰਿਹਾ ਸੀ ਜਿਸ ਦੌਰਾਨ ਪਾਇਲਟਾਂ ਨੇ ਇਸਦੇ ਇੱਕ ਇੰਜਣ ਵਿੱਚ ਨੁਕਸ ਹੋਣ ਦੀ ਰਿਪੋਰਟ ਕੀਤੀ ਅਤੇ ਸਵੇਰੇ ਤਕਰੀਬਨ 1:46 ਵਜੇ ਦੂਜਾ ਇੰਜਣ ਵੀ ਖਰਾਬ ਹੋਣ ‘ਤੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੂੰ ਸਮੁੰਦਰ ਵਿੱਚ ਲੈਂਡ ਹੋਣ ਸਬੰਧੀ ਦੱਸਿਆ ਗਿਆ। ਹੋਨੋਲੂਲੂ ਫਾਇਰ ਵਿਭਾਗ ਦੇ ਅਨੁਸਾਰ 58 ਸਾਲਾਂ ਅਤੇ 50 ਸਾਲਾਂ ਦੋ ਪਾਇਲਟਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਜਹਾਜ਼ ਦੇ ਸਮੁੰਦਰ ਵਿੱਚ ਡਿੱਗਣ ਦੇ ਬਾਅਦ ਅਮਰੀਕਾ ਦੇ ਕੋਸਟ ਗਾਰਡਾਂ ਦੁਆਰਾ ਬਚਾਅ ਕਾਰਜ ਸ਼ੁਰੂ ਕੀਤੇ ਗਏ। ਕੋਸਟ ਗਾਰਡ ਅਧਿਕਾਰੀਆਂ ਦੁਆਰਾ ਪਾਣੀ ਵਿੱਚ ਡੁੱਬ ਰਹੇ ਪਾਇਲਟਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਦੀ ਜਾਂਚ ਲਈ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ 10 ਅਧਿਕਾਰੀ ਘਟਨਾ ਵਾਲੀ ਥਾਂ ਤੇ ਭੇਜੇ ਜਾ ਰਹੇ ਹਨ। ਫਲਾਈਟ ਰਾਡਾਰ 24 ਦੇ ਅਨੁਸਾਰ, ਇਹ ਉਡਾਨ ਸਿਰਫ 12 ਮਿੰਟ ਲਈ ਹੀ ਹਵਾ ਵਿੱਚ ਰਹੀ, ਫਿਰ ਨੁਕਸ ਪੈਣ ਕਾਰਨ ਪਾਇਲਟਾਂ ਨੂੰ ਮਜਬੂਰੀ ਨਾਲ ਜਹਾਜ਼ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਸੁੱਟਣਾ ਪਿਆ। ਐੱਫ ਏ ਏ ਦੇ ਰਿਕਾਰਡਾਂ ਅਨੁਸਾਰ, ਹਾਦਸਾ ਗ੍ਰਸਤ ਹੋਇਆ ਜਹਾਜ਼ 40 ਸਾਲ ਤੋਂ ਵੀ ਵੱਧ ਪੁਰਾਣਾ ਸੀ।